ਅਬੋਹਰ, 22 ਨਵੰਬਰ (ਵਿਵੇਕ ਹੂੜੀਆ)-ਜਿੱਥੇ ਸੱਤਾਧਾਰੀ ਪਾਰਟੀ ਦੇ ਹਲਕਾ ਇੰਚਾਰਜ ਪੰਜਾਬ ਸਰਕਾਰ ਵਲੋਂ ਹਾਲ ਹੀ 'ਚ ਅਬੋਹਰ ਨਗਰ ਨਿਗਮ ਨੂੰ 5.5 ਕਰੋੜ ਰੁਪਏ ਦੀ ਗਰਾਂਟ ਜਾਰੀ ਕਰਨ 'ਤੇ ਆਪਣੀ ਪਿੱਠ ਥਪਥਪਾ ਰਹੇ ਹਨ, ਉੱਥੇ ਵਿਧਾਇਕ ਸੰਦੀਪ ਜਾਖੜ ਨੇ ਅੱਜ ਤੱਥਾਂ ਨਾਲ ਜਵਾਬ ਦੇ ਕੇ ਸੱਤਾਧਾਰੀ ਪਾਰਟੀ ਨੂੰ ਸ਼ੀਸ਼ਾ ਦਿਖਾਇਆ | ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹੁਸ਼ਿਆਰਪੁਰ ਅਤੇ ਬਟਾਲਾ ਵਰਗੇ ਸ਼ਹਿਰਾਂ ਨੂੰ 30 ਤੋਂ 35 ਕਰੋੜ ਰੁਪਏ ਦੀਆਂ ਗਰਾਂਟਾਂ ਜਾਰੀ ਕੀਤੀਆਂ ਹਨ, ਜੋ ਕਿ ਅਬੋਹਰ ਨਾਲੋਂ ਲਗਭਗ 7 ਗੁਣਾ ਵੱਧ ਹਨ | ਸੱਤਾ ਵਿਚ ਆਉਣ ਤੋਂ ਬਾਅਦ ਤੋਂ ਹੀ ਆਮ ਆਦਮੀ ਪਾਰਟੀ ਅਬੋਹਰ ਦੇ ਵਸਨੀਕਾਂ ਨਾਲ ਵਿਤਕਰਾ ਕਰ ਰਹੀ ਹੈ | ਫਿਰ ਵੀ ਹਲਕਾ ਇੰਚਾਰਜ 5.5 ਕਰੋੜ ਰੁਪਏ ਦੀ ਗਰਾਂਟ ਜਾਰੀ ਕਰਨ ਦੀ ਸ਼ਲਾਘਾ ਕਰ ਰਹੇ ਹਨ | ਨਗਰ ਨਿਗਮ ਨੇ 2023 ਵਿਚ ਇਸ ਲਈ ਪ੍ਰਸਤਾਵ ਤਿਆਰ ਕਰਕੇ ਪੰਜਾਬ ਸਰਕਾਰ ਨੂੰ ਭੇਜੇ ਸਨ, ਪਰ ਫ਼ੰਡ ਜਾਰੀ ਨਾ ਹੋਣ ਕਾਰਨ ਕਈ ਵਿਕਾਸ ਕਾਰਜ ਲਟਕ ਰਹੇ ਹਨ | ਜਾਖੜ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਹਲਕਾ ਇੰਚਾਰਜ ਦੀ ਗੱਲ ਨਹੀਂ ਸੁਣਦੇ ਤਾਂ ਉਹ ਖ਼ੁਦ ਉਨ੍ਹਾਂ ਨਾਲ ਜਾਣ ਲਈ ਤਿਆਰ ਹਨ | ਉਨ੍ਹਾਂ ਨੂੰ ਲੱਗਦਾ ਹੈ ਕਿ ਹਲਕਾ ਇੰਚਾਰਜ ਜਾਂ ਤਾਂ ਫ਼ੰਡ ਮੰਗਣਾ ਨਹੀਂ ਜਾਣਦੇ ਜਾਂ ਉਹ ਅਬੋਹਰ ਦੇ ਵਿਕਾਸ ਲਈ ਵੱਡੀ ਗਰਾਂਟ ਨਹੀਂ ਮੰਗਣਾ ਚਾਹੁੰਦੇ | ਜੇਕਰ ਉਨ੍ਹਾਂ ਦੀਆਂ ਫ਼ਰਿਆਦਾਂ ਇੱਥੇ ਨਹੀਂ ਸੁਣੀਆਂ ਜਾਂਦੀਆਂ ਤਾਂ ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ, ਉਨ੍ਹਾਂ ਕੋਲ ਦਿੱਲੀ ਦੇ ਲੋਕਾਂ ਦੇ ਨੰਬਰ ਵੀ ਹਨ, ਜਿਨ੍ਹਾਂ ਦੇ ਇਸ਼ਾਰੇ 'ਤੇ ਪੰਜਾਬ ਸਰਕਾਰ ਕੰਮ ਕਰਦੀ ਹੈ | ਹੋਰ ਮੁੱਦਿਆਂ 'ਤੇ ਬੋਲਦਿਆਂ ਜਾਖੜ ਨੇ ਕਿਹਾ ਕਿ ਸੂਬੇ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਗਈ ਹੈ | ਅਬੋਹਰ ਬੱਸ ਸਟੈਂਡ ਤੋਂ ਬੱਸ ਦੀ ਚੋਰੀ ਤੋਂ ਬਾਅਦ ਹਲਕਾ ਇੰਚਾਰਜ ਚੁੱਪ ਹੋ ਗਏ ਹਨ | ਸੰਦੀਪ ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਤਿੰਨ ਸਾਲਾਂ ਤੋਂ ਅਬੋਹਰ ਵਿਚ ਨਾ ਤਾਂ ਸਥਾਈ ਕਮਿਸ਼ਨਰ ਨਿਯੁਕਤ ਕੀਤਾ ਹੈ ਅਤੇ ਨਾ ਹੀ ਵਿਕਾਸ ਕਾਰਜ ਸ਼ੁਰੂ ਕੀਤੇ ਹਨ, ਜੋ ਕਿ ਅਬੋਹਰ ਦੇ ਵਸਨੀਕਾਂ ਨਾਲ ਪੰਜਾਬ ਸਰਕਾਰ ਦੇ ਬਦਲਾਖੋਰੀ ਵਾਲੇ ਵਿਤਕਰੇ ਨੂੰ ਸਪਸ਼ਟ ਤੌਰ 'ਤੇ ਦਰਸਾਉਂਦਾ ਹੈ | ਇਸ ਮੌਕੇ ਨਗਰ ਨਿਗਮ ਦੇ ਮੇਅਰ ਵਿਮਲ ਠਠਈ, ਮੰਗਤ ਰਾਏ ਬਠਲਾ ਸਮੇਤ ਨਗਰ ਨਿਗਮ ਦੇ ਕੌਂਸਲਰ ਅਤੇ ਭਾਜਪਾ ਵਰਕਰ ਮੌਜੂਦ ਸਨ |