ਜ਼ੀਰਾ, 24 ਨਵੰਬਰ (ਰਜਨੀਸ਼ ਕਥੂਰੀਆ)-ਬਾਲ ਯੋਗੀ ਸਵਾਮੀ ਬੈਜਨਾਥ ਪੁਰੀ ਦੀ 32ਵੀਂ ਬਰਸੀ ਮਹਾਂਮੰਡਲੇਸ਼ਵਰ ਸ੍ਰੀ ਸ੍ਰੀ 1008 ਸਵਾਮੀ ਕਮਲਪੁਰੀ ਮਹਾਰਾਜ ਦੀ ਦੇਖ-ਰੇਖ ਸ਼ੰਕਰਾ ਪੁਰੀ ਜ਼ੀਰਾ ਵਿਖੇ ਧੂਮ ਧਾਮ ਨਾਲ ਮਨਾਈ ਗਈ | ਇਸ ਮੌਕੇ ਮਹਾਂ ਮੰਡਲੇਸ਼ਵਰ ਸੁਆਮੀ ਕਮਲ ਪੁਰੀ ਵਲੋਂ ਬਾਲ ਯੋਗੀ ਸਵਾਮੀ ਬੈਜਨਾਥ ਪੁਰੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮੌਕੇ ਰੱਖੇ ਗਏ ਸ੍ਰੀ ਅਖੰਡ ਰਮਾਇਣ ਦੇ ਪਾਠ ਦਾ ਭੋਗ ਪਾਇਆ | ਉਪਰੰਤ ਇਸਤਰੀ ਸੰਕੀਰਤਨ ਮੰਡਲ ਵਲੋਂ ਸ੍ਰੀ ਰਾਮ ਭਜਨਾਂ ਦਾ ਗਾਇਣ ਕੀਤੇ ਗਏ | ਇਸ ਦੌਰਾਨ ਜ਼ੀਰਾ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਸਾਬਕਾ ਵਿਧਾਇਕ ਤੇ ਕਾਂਗਰਸ ਕਮੇਟੀ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ, ਅਕਾਲੀ ਦਲ ਦੇ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਹੀਰੋ, ਅਵਤਾਰ ਸਿੰਘ ਜ਼ੀਰਾ ਹਲਕਾ ਇੰਚਾਰਜ ਭਾਜਪਾ, ਹਰੀਸ਼ ਜੈਨ ਗੋਗਾ, ਸੁਖਦੇਵ ਬਿੱਟੂ ਵਿੱਜ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਜ਼ੀਰਾ, ਡਾ. ਰਸ਼ਪਾਲ ਸਿੰਘ ਸਾਬਕਾ ਪ੍ਰਧਾਨ, ਨਗਰ ਕੌਂਸਲਰ, ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਸਿੰਘ ਜੱਜ, ਜਨਕ ਰਾਜ ਝਾਂਬ ਨੇ ਬਾਲ ਯੋਗੀ ਸਵਾਮੀ ਬੈਜਨਾਥ ਪੁਰੀ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ | ਇਸ ਮੌਕੇ ਸਵਾਮੀ ਕਮਲ ਪੁਰੀ ਮਹਾਰਾਜ ਨੇ ਆਪਣੇ ਪ੍ਰਵਚਨਾਂ 'ਚ ਕਿਹਾ ਕਿ ਮਨੁੱਖ ਨੂੰ ਇਸ ਸੰਸਾਰ ਵਿਚ ਚੰਗੇ ਕਰਮ ਕਰਨੇ ਚਾਹੀਦੇ ਹਨ | ਸਵਾਮੀ ਬੈਜਨਾਥ ਪੁਰੀ ਦੇ ਜੀਵਨ 'ਤੇ ਚਾਨਣਾ ਪਾਉਂਦੇ ਹੋਏ ਸਵਾਮੀ ਕਮਲ ਪੁਰੀ ਮਹਾਰਾਜ ਨੇ ਕਿਹਾ ਕਿ ਉਹ ਹਮੇਸ਼ਾ ਸਾਦਾ ਤੇ ਸਾਫ਼-ਸੁਥਰਾ ਜੀਵਨ ਬਤੀਤ ਕਰਦੇ ਸਨ | ਸਮਾਗਮ ਦੇ ਦੌਰਾਨ ਸ੍ਰੀ ਵੈਸ਼ਨੋ ਭਜਨ ਮੰਡਲੀ ਜ਼ੀਰਾ ਦੇ ਮੁਖੀ ਕੁਲਭੂਸ਼ਣ ਸ਼ਰਮਾ ਨੇ ਸਟੇਜ ਸੈਕਟਰੀ ਦੀ ਭੂਮਿਕਾ ਨਿਭਾਈ |