ਮੱਲਾਂਵਾਲਾ, 8 ਦਸੰਬਰ (ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਬਿਜਲੀ ਸੋਧ ਬਿੱਲ-2025 ਦੇ ਵਿਰੋਧ ਵਿਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੌੜਾ ਦੀ ਅਗਵਾਈ ਹੇਠ ਬਿਜਲੀ ਦਫ਼ਤਰ ਮੱਲਾਂਵਾਲਾ ਵਿਖੇ ਰੋਸ ਧਰਨਾ ਲਗਾ ਕੇ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿਚ ਵੱਖ-ਵੱਖ ਪਿੰਡਾਂ ਦੇ ਕਿਸਾਨਾਂ, ਯੂਨੀਅਨ ਆਗੂਆਂ ਤੋਂ ਇਲਾਵਾ ਪਾਵਰ ਕਾਮ ਅਤੇ ਟਰਾਂਸਪੋਰਟ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ | ਪ੍ਰਦਰਸ਼ਨ ਕਰਨ ਮੌਕੇ ਕੇਂਦਰ ਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਦੇ ਹੋਏ ਕਿਸਾਨ ਆਗੂਆਂ ਵੱਲੋਂ ਬਿਜਲੀ ਸੋਧ ਬਿੱਲ ਦੀਆਂ ਕਾਪੀਆਂ ਸਾੜੀਆਂ ਗਈਆਂ | ਧਰਨੇ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੌੜਾ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਦੱਬਿਆ ਪਿਆ ਹੈ ਤੇ ਆਮ ਵਰਗ ਗ਼ਰੀਬੀ ਦੀ ਮਾਰ ਝੱਲ ਰਿਹਾ ਹੈ, ਇਹੋ ਜਿਹੇ ਹਾਲਤਾਂ ਵਿਚ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਪੰਜਾਬ ਅੰਦਰ ਬਿਜਲੀ ਬਿੱਲ ਸੋਧ 2025 ਐਕਟ ਲਾਗੂ ਕਰਵਾਇਆ ਜਾ ਰਿਹਾ ਹੈ, ਜਿਸ ਨਾਲ ਬਿਜਲੀ ਦਾ ਨਿੱਜੀਕਰਨ ਹੋ ਕੇ ਕਾਰਪੋਰੇਟ ਘਰਾਨਿਆਂ ਹੱਥ ਆ ਜਾਵੇਗੀ ਅਤੇ ਬਿਜਲੀ ਦਾ ਵੀ ਫ਼ੋਨ ਵਾਂਗੂ ਰੀਚਾਰਜ ਕਰਵਾਉਣਾ ਪਿਆ ਕਰੇਗਾ | ਕਿਸਾਨ ਆਗੂਆਂ ਨੇ ਕਿਹਾ ਕਿ ਇਹ ਐਕਟ ਲਾਗੂ ਹੋਣ ਨਾਲ ਕਾਰਪੋਰੇਟ ਘਰਾਣੇ ਆਪਣੀ ਮਨਮਰਜ਼ੀ ਨਾਲ ਬਿਜਲੀ ਬਿੱਲ 'ਚ ਵਾਧਾ ਕਰਨਗੇ, ਜਿਸ ਨਾਲ ਬਿਜਲੀ ਗ਼ਰੀਬ ਵਰਗ ਦੇ ਹੱਥਾਂ 'ਚੋਂ ਨਿਕਲ ਜਾਵੇਗੀ ਤੇ ਲੋਕ ਹਨੇਰੇ 'ਚ ਰਹਿਣ ਲਈ ਮਜਬੂਰ ਹੋਣਗੇ | ਇਸ ਮੌਕੇ ਮਨਮੋਹਨ ਸਿੰਘ ਸਕੱਤਰ ਪੰਜਾਬ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਗੁਰਜੰਟ ਸਿੰਘ ਗੋਗੋਆਣੀ, ਜ਼ਿਲ੍ਹਾ ਮੀਤ ਪ੍ਰਧਾਨ ਗੁਰਬਚਨ ਸਿੰਘ, ਸੁਖਦੇਵ ਸਿੰਘ ਬਲਾਕ ਪ੍ਰਧਾਨ ਮੱਲਾਂਵਾਲਾ, ਕੁਲਵੀਰ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਕੁਲਵੰਤ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਸ਼ਮਸ਼ੇਰ ਸਿੰਘ ਪ੍ਰਧਾਨ, ਸੁਖਦੇਵ ਸਿੰਘ, ਸੁਖਵਿੰਦਰ ਸਿੰਘ ਸ਼ੂਸ਼ਕ, ਹਰਜੀਤ ਸਿੰਘ, ਲਖਵੀਰ ਸਿੰਘ ਬਲਾਕ ਪ੍ਰਧਾਨ, ਅਵਤਾਰ ਸਿੰਘ ਬਲਾਕ ਪ੍ਰਧਾਨ ਸ਼ੇਰ ਖਾਂ ਆਦਿ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਦੀ ਬਿਜਲੀ ਸੋਧ ਬਿੱਲ ਨੀਤੀ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ ਅਤੇ ਇਹ ਵਿਰੋਧ ਉਦੋਂ ਤੱਕ ਜਾਰੀ ਰਹਿਣਗੇ, ਜਦੋਂ ਤੱਕ ਸਰਕਾਰ ਬਿਜਲੀ ਸੋਧ ਬਿੱਲ ਨੂੰ ਵਾਪਸ ਨਹੀਂ ਲੈਂਦੀ |