ਜ਼ੀਰਾ, 20 ਦਸੰਬਰ (ਰਜਨੀਸ਼ ਕਥੂਰੀਆ)-ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਮੋਗਾ ਦਵਿੰਦਰ ਸਿੰਘ ਲੋਟੇ ਦੀ ਅਗਵਾਈ ਹੇਠ ਸ੍ਰੀ ਹੇਮਕੁੰਟ ਸੀਨੀਅਰ ਸਕੈਂਡਰੀ ਸਕੂਲ ਕੋਟ-ਈਸੇ-ਖਾਂ ਵਿਖੇ 7 ਦਿਨਾਂ ਐਨ.ਐੱਸ.ਐੱਸ ਕੈਂਪ ਦੀ ਸ਼ੁਰੂਆਤ ਕੀਤੀ ਗਈ ਜਿਸ ਵਿਚ 100 ਉਤਸ਼ਾਹਿਤ ਵਲੰਟੀਅਰਜ਼ ਨੇ ਹਿੱਸਾ ਲਿਆ | ਕੈਂਪ ਦਾ ਉਦਘਾਟਨ ਸਕੂਲ ਚੇਅਰਮੈਨ ਕੁਲਵੰਤ ਸਿੰਘ ਸੰਧੂ, ਐਮ.ਡੀ.ਮੈਡਮ ਰਣਜੀਤ ਕੌਰ ਸੰਧੂ, ਪਿ੍ੰਸੀਪਲ ਰਮਨਜੀਤ ਕੌਰ ਅਤੇ ਐਨ.ਐੱਸ.ਐੱਸ ਪ੍ਰੋਗਰਾਮ ਅਫ਼ਸਰ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ | ਇਸ ਦੌਰਾਨ ਉਨ੍ਹਾਂ ਨੇ ਐਨ.ਐੱਸ.ਐੱਸ. ਦੀ ਮਹੱਤਵਤਾ ਅਤੇ ਗਤੀਵਿਧੀਆਂ ਅਤੇ ਇਸ ਤੋਂ ਹੋਣ ਵਾਲੇ ਲਾਭ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ | ਇਸ ਮੌਕੇ 'ਤੇ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਅਤੇ ਐਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਵਲੰਟੀਅਰਜ਼ ਨੂੰ ਸੇਵਾ ਭਾਵਨਾ, ਅਨੁਸ਼ਾਸਨ ਅਤੇ ਸਮਾਜ ਸੇਵਾ ਨਾਲ ਸਬੰਧਿਤ ਗਤੀਵਿਧੀਆਂ ਬਾਰੇ ਦੱਸਿਆ | ਵਲੰਟੀਅਰਜ਼ ਨੂੰ ਸਮਾਜ ਪ੍ਰਤੀ ਜ਼ਿੰਮੇਵਾਰੀ ਨਿਭਾਉਣ ਅਤੇ ਦੇਸ਼ ਸੇਵਾ ਲਈ ਅੱਗੇ ਆਉਣ ਲਈ ਪ੍ਰੇਰਿਤ ਕੀਤਾ | ਵਲੰਟੀਅਰਜ਼ ਨੇ ਬਹੁਤ ਹੀ ਉਤਸ਼ਾਹਪੂਰਵਕ ਇਸ ਕੈਂਪ ਵਿਚ ਭਾਗ ਲਿਆ | ਇਸ ਮੌਕੇ ਪਿ੍ੰਸੀਪਲ ਰਮਨਜੀਤ ਕੌਰ ਮੈਡਮ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਐਨ.ਐੱਸ.ਐੱਸ. ਵਿਦਿਆਰਥੀਆਂ ਦੇ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ | ਅਜਿਹੇ ਕੈਂਪਾਂ ਵਿਚ ਹਿੱਸਾ ਲੈਣ ਨਾਲ ਜਿੱਥੇ ਵਲੰਟੀਅਰਜ਼ ਵਿਚ ਆਤਮ ਵਿਸ਼ਵਾਸ ਵਧਦਾ ਹੈ, ਉੱਥੇ ਹੀ ਮਿਲ-ਜੁਲ ਕੇ ਰਹਿਣ ਅਤੇ ਮੁਸ਼ਕਲਾਂ ਦਾ ਹੱਲ ਕੱਢਣ ਵਿਚ ਵੀ ਸਫਲਤਾ ਮਿਲਦੀ ਹੈ | ਇਸ ਮੌਕੇ ਤੇ ਪ੍ਰੋਗਰਾਮ ਅਫ਼ਸਰ ਅਮੀਰ ਸਿੰਘ, ਮਹੇਸ਼ ਕੁਮਾਰ, ਮੈਡਮ ਸੁਰਿੰਦਰ ਕੌਰ, ਦਵਿੰਦਰ ਕੌਰ, ਸਿਮਰਨਜੀਤ ਕੌਰ, ਮੈਡਮ ਪੂਜਾ ਹਾਜ਼ਰ ਸਨ |