ਫ਼ਿਰੋਜ਼ਪੁਰ, 20 ਦਸੰਬਰ (ਰਾਕੇਸ਼ ਚਾਵਲਾ)-ਰੇਲਵੇ ਕਰਮਚਾਰੀਆਂ ਦੀ ਇਮਾਨਦਾਰੀ ਅਤੇ ਡਿਊਟੀ ਪ੍ਰਤੀ ਸਮਰਪਣ ਦੀ ਇਕ ਮਿਸਾਲ ਸਾਹਮਣੇ ਆਈ ਹੈ | ਅੰਮਿ੍ਤਸਰ-ਹਰਿਦੁਆਰ ਜਨ ਸ਼ਤਾਬਦੀ ਐਕਸਪੈੱ੍ਰਸ ਵਿਚ ਤੈਨਾਤ ਇਕ ਟਿਕਟ ਨਿਰੀਖਕ ਨੇ ਨਾ ਸਿਰਫ਼ ਇਕ ਯਾਤਰੀ ਦਾ ਕੀਮਤੀ ਸਾਮਾਨ ਲੱਭਿਆ, ਸਗੋਂ ਪੂਰੀ ਇਮਾਨਦਾਰੀ ਨਾਲ ਉਸ ਨੂੰ ਵਾਪਸ ਵੀ ਸੌਂਪਿਆ | ਜਾਣਕਾਰੀ ਅਨੁਸਾਰ 19 ਦਸੰਬਰ 2025 ਨੂੰ ਟਰੇਨ ਨੰਬਰ 12054 (ਅੰਮਿ੍ਤਸਰ-ਹਰਿਦੁਆਰ ਜਨ ਸ਼ਤਾਬਦੀ ਐਕਸਪੈੱ੍ਰਸ) ਵਿਚ ਡਿਊਟੀ ਦੌਰਾਨ ਟਿਕਟ ਨਿਰੀਖਕ ਸੰਜੀਵ ਕੁਮਾਰ ਨੂੰ ਕੋਚ ਸੀ-2 ਵਿਚ ਇਕ ਲਾਵਾਰਸ ਹੈਂਡ ਬੈਗ ਮਿਲਿਆ | ਜਦੋਂ ਬੈਗ ਦੀ ਜਾਂਚ ਕੀਤੀ ਗਈ ਤਾਂ ਉਸ ਵਿਚ ਦਸਤਾਵੇਜ਼ ਅਤੇ ਨਕਦੀ ਮੌਜੂਦ ਸੀ | ਸੰਜੀਵ ਕੁਮਾਰ ਨੇ ਤੁਰੰਤ ਕਾਰਵਾਈ ਕਰਦੇ ਹੋਏ ਆਪਣੀ ਐੱਚ.ਐੱਚ.ਟੀ ਮਸ਼ੀਨ ਰਾਹੀਂ ਯਾਤਰੀ ਦਾ ਮੋਬਾਈਲ ਨੰਬਰ ਕੱਢਿਆ ਅਤੇ ਉਨ੍ਹਾਂ ਨਾਲ ਸੰਪਰਕ ਕੀਤਾ | ਜ਼ਰੂਰੀ ਪੁੱਛਗਿੱਛ ਅਤੇ ਵੈਰੀਫਿਕੇਸ਼ਨ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ, ਬੈਗ ਉਸ ਦੇ ਅਸਲ ਮਾਲਕ ਨੂੰ ਸੁਰੱਖਿਅਤ ਹਾਲਤ ਵਿਚ ਸੌਂਪ ਦਿੱਤਾ ਗਿਆ | ਆਪਣਾ ਗੁਆਚਿਆ ਹੋਇਆ ਬੈਗ ਅਤੇ ਨਕਦੀ ਵਾਪਸ ਮਿਲਣ 'ਤੇ ਯਾਤਰੀ ਨੇ ਰੇਲਵੇ ਪ੍ਰਸ਼ਾਸਨ ਅਤੇ ਖ਼ਾਸ ਤੌਰ 'ਤੇ ਸੰਜੀਵ ਕੁਮਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ | ਵਰਿਸ਼ਠ ਮੰਡਲ ਵਪਾਰਕ ਪ੍ਰਬੰਧਕ ਪਰਮਦੀਪ ਸਿੰਘ ਸੈਣੀ ਨੇ ਇਸ ਘਟਨਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਰੇਲਵੇ ਕਰਮਚਾਰੀਆਂ ਦੀ ਆਪਣੇ ਮੁਸਾਫ਼ਰਾਂ ਪ੍ਰਤੀ ਵਚਨਬੱਧਤਾ ਅਤੇ ਇਮਾਨਦਾਰੀ ਦਾ ਪ੍ਰਤੀਕ ਹੈ | ਉਨ੍ਹਾਂ ਨੇ ਸੰਜੀਵ ਕੁਮਾਰ ਦੀ ਇਸ ਨੇਕੀ ਲਈ ਉਨ੍ਹਾਂ ਨੂੰ ਪ੍ਰਸੰਸਾ ਪੱਤਰ ਦੇਣ ਦਾ ਐਲਾਨ ਕੀਤਾ ਹੈ, ਤਾਂ ਜੋ ਦੂਜੇ ਕਰਮਚਾਰੀ ਵੀ ਇਸ ਤੋਂ ਪ੍ਰੇਰਨਾ ਲੈ ਸਕਣ |