ਜ਼ੀਰਾ, 21 ਦਸੰਬਰ (ਰਜਨੀਸ਼ ਕਥੂਰੀਆ)-ਸ਼੍ਰੀ ਆਤਮ ਵੱਲਭ ਜੈਨ ਵਿੱਦਿਆ ਮੰਦਰ ਜ਼ੀਰਾ ਵਿਖੇ ਖੇਡ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਗਿਆ | ਸਮਾਰੋਹ ਦੀ ਸ਼ੁਰੂਆਤ ਸਕੂਲ ਮੈਨੇਜਰ ਹਰੀਸ਼ ਜੈਨ, ਸਰਗਰਮ ਮੈਨੇਜਰ ਮੈਡਮ ਅਰਚਨਾ ਜੈਨ, ਪਿ੍ੰਸੀਪਲ ਕਿਰਨ ਅਗਰਵਾਲ ਅਤੇ ਪਿ੍ੰਸੀਪਲ ਡਾ. ਸ਼ਾਲੂ ਸੂਦ ਵਲੋਂ ਦੀਪ ਮਾਲਾ ਪ੍ਰਜਵਲ ਕਰਕੇ ਕੀਤੀ ਗਈ | ਇਸ ਤੋਂ ਬਾਅਦ ਵਿਦਿਆਰਥੀਆਂ ਵਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ ਜਿਸ ਨੇ ਸਮਾਰੋਹ ਦੀ ਸ਼ੋਭਾ ਵਧਾਈ | ਖੇਡ ਦਿਵਸ ਦੌਰਾਨ ਵਿਦਿਆਰਥੀਆਂ ਲਈ ਵੱਖ-ਵੱਖ ਖੇਡ ਮੁਕਾਬਲੇ ਅਤੇ ਗਤੀਵਿਧੀਆਂ ਕਰਵਾਈਆਂ ਗਈਆਂ | ਆਤਮ ਹਾਊਸ, ਵੱਲਭ ਹਾਊਸ, ਸਮੁਦਰਾ ਹਾਊਸ ਅਤੇ ਇੰਦਰ ਹਾਊਸ ਦਰਮਿਆਨ ਰੋਚਕ ਮੁਕਾਬਲੇ ਹੋਏ | ਅੰਤ ਵਿਚ ਜੇਤੂ ਹਾਊਸ ਹੈੱਡਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡੀ.ਪੀ.ਈ. ਪਿ੍ਤਪਾਲ ਅਤੇ ਡੀ.ਪੀ.ਈ. ਲੱਭਾ ਰਾਮ ਨੂੰ ਉਨ੍ਹਾਂ ਦੀਆਂ ਮਹੱਤਵਪੂਰਨ ਸੇਵਾਵਾਂ ਲਈ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਪ੍ਰਬੰਧਕਾਂ ਵਲੋਂ ਵਿਦਿਆਰਥੀਆਂ ਦੀ ਪ੍ਰਤਿਭਾ ਦੀ ਸਰਾਹਨਾਂ ਕਰਦਿਆਂ ਉਨ੍ਹਾਂ ਨੂੰ ਖੇਡਾਂ ਵਿਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਗਿਆ |