ਫਿਰੋਜ਼ਪੁਰ, 25 ਦਸੰਬਰ (ਰਾਕੇਸ਼ ਚਾਵਲਾ)-ਰੇਲਵੇ ਬੋਰਡ ਦੀਆਂ ਹਦਾਇਤਾਂ ਅਨੁਸਾਰ 'ਵੀਰ ਬਾਲ ਦਿਵਸ' ਦੇ ਮਹੱਤਵ ਨੂੰ ਜਨ-ਜਨ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਇਕ ਵਿਆਪਕ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ | ਇਸੇ ਲੜੀ ਤਹਿਤ ਫਿਰੋਜ਼ਪੁਰ ਮੰਡਲ ਦੇ ਪ੍ਰਮੁੱਖ ਰੇਲਵੇ ਸਟੇਸ਼ਨਾਂ 'ਤੇ 'ਵੀਰ ਬਾਲ ਦਿਵਸ' 26 ਦਸੰਬਰ ਦੇ ਮਹੱਤਵ ਨੂੰ ਦਰਸਾਉਂਦੇ ਹੋਏ ਵਿਸ਼ੇਸ਼ ਸਟੈਂਡੀ ਅਤੇ ਬੈਨਰ ਲਗਾਏ ਗਏ ਹਨ | 'ਵੀਰ ਬਾਲ ਦਿਵਸ' ਹਰ ਸਾਲ 26 ਦਸੰਬਰ ਨੂੰ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਿਹ ਸਿੰਘ ਜੀ ਜੋ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਪੁੱਤਰ ਸਨ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿਚ ਮਨਾਇਆ ਜਾਂਦਾ ਹੈ | ਇਹ ਦਿਹਾੜਾ ਵਿਸ਼ੇਸ਼ ਤੌਰ 'ਤੇ ਨੌਜਵਾਨਾਂ ਨੂੰ ਉਨ੍ਹਾਂ ਦੇ ਅਦੁੱਤੀ ਸਾਹਸ, ਕੁਰਬਾਨੀ ਅਤੇ ਰਾਸ਼ਟਰ ਨਿਰਮਾਣ ਦੇ ਮੁੱਲਾਂ ਤੋਂ ਪ੍ਰੇਰਿਤ ਹੋਣ ਦਾ ਅਵਸਰ ਪ੍ਰਦਾਨ ਕਰਦਾ ਹੈ | ਸੀਨੀਅਰ ਮੰਡਲ ਵਪਾਰਕ ਪ੍ਰਬੰਧਕ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ 'ਵੀਰ ਬਾਲ ਦਿਵਸ' ਭਾਰਤ ਦੇ ਗੌਰਵਮਈ ਇਤਿਹਾਸ ਅਤੇ ਰਾਸ਼ਟਰੀ ਪਛਾਣ ਦਾ ਪ੍ਰਤੀਕ ਹੈ | ਸਟੈਂਡੀਆਂ, ਬੈਨਰਾਂ, ਸਟੇਸ਼ਨਾਂ 'ਤੇ ਲੱਗੀਆਂ ਟੀ.ਵੀ. ਸਕਰੀਨਾਂ ਅਤੇ ਜਨਤਕ ਐਲਾਨ ਪ੍ਰਣਾਲੀ ਰਾਹੀਂ ਇਨ੍ਹਾਂ ਵੀਰ ਬਾਲਕਾਂ ਦੀ ਗਾਥਾ ਨੂੰ ਰਾਸ਼ਟਰੀ ਚੇਤਨਾ ਨਾਲ ਜੋੜਨ ਅਤੇ ਦੇਸ਼ ਦੇ ਨੌਜਵਾਨਾਂ ਨੂੰ ਉਨ੍ਹਾਂ ਦੇ ਆਦਰਸ਼ਾਂ ਤੋਂ ਪ੍ਰੇਰਨਾ ਲੈਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ |