ਫਿਰੋਜ਼ਪੁਰ, 29 ਦਸੰਬਰ (ਸੁਖਵਿੰਦਰ ਸਿੰਘ)-ਨਰੇਗਾ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਵਲੋਂ ਨਰੇਗਾ ਮੁਲਾਜ਼ਮਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ ਰਾਜਬੀਰ ਸਿੰਘ ਜੀ.ਏ ਰਾਹੀਂ ਪੰਜਾਬ ਸਰਕਾਰ ਦੇ ਨਾਂਅ ਮੰਗ ਪੱਤਰ ਸੌਂਪਿਆ ਗਿਆ | ਕਮੇਟੀ ਦੇ ਆਗੂਆਂ ਨੇ ਕਿਹਾ ਕਿ ਵੱਖ-ਵੱਖ ਵਿਭਾਗਾਂ ਵਿਚ ਕੰਮ ਕਰ ਰਹੇ ਨਰੇਗਾ ਮੁਲਾਜ਼ਮ ਬਹੁਤ ਸਾਲਾਂ ਤੋਂ ਘੱਟ ਤਨਖ਼ਾਹਾਂ ਅਤੇ ਅਸਥਿਰ ਨੌਕਰੀ ਪ੍ਰਣਾਲੀ ਕਾਰਨ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ | ਆਗੂਆਂ ਨੇ ਕਿਹਾ ਕਿ ਭਾਵੇਂ ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸਬੰਧੀ ਕਾਨੂੰਨ ਬਣਾਏ ਗਏ ਪਰ 17 ਸਾਲ ਬੀਤ ਜਾਣ ਦੇ ਬਾਵਜੂਦ ਵੀ ਨਰੇਗਾ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਗਿਆ | ਕਮੇਟੀ ਨੇ ਦੱਸਿਆ ਕਿ ਮੌਜੂਦਾ ਮਾਨ ਸਰਕਾਰ ਨੇ ਵੀ ਸੱਤਾ ਵਿਚ ਆਉਣ ਤੋਂ ਪਹਿਲਾਂ ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਭਰੋਸਾ ਦਿੱਤਾ ਸੀ, ਪਰ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਨਾਂ ਤਾਂ ਕੋਈ ਠੋਸ ਫ਼ੈਸਲਾ ਲਿਆ ਗਿਆ ਅਤੇ ਨਾਂ ਹੀ ਮੁਲਾਜ਼ਮਾਂ ਨੂੰ ਕੋਈ ਵੱਡੀ ਸਹੂਲਤ ਮਿਲੀ | ਉਹਨਾਂ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਵਲੋਂ ਨਰੇਗਾ ਨੂੰ ਖ਼ਤਮ ਕਰਕੇ ਨਵੇਂ ਲਿਆਂਦੇ ਗਏ ਵੀ ਬੀ-ਜੀ ਰਾਮ ਜੀ ਬਿਲ ਤਹਿਤ ਵੀ ਨਰੇਗਾ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਕੋਈ ਗਰੰਟੀ ਨਹੀਂ ਦਿੱਤੀ ਗਈ | ਇਸ ਦੇ ਨਾਲ ਹੀ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਮਤਰੇਈ ਮਾਂ ਵਰਗਾ ਸਲੂਕ ਕਰਦਿਆਂ ਜੀਐਸਟੀ ਅਤੇ ਦਿਹਾਤੀ ਵਿਕਾਸ ਫ਼ੰਡ ਵੀ ਸਮੇਂ ਸਿਰ ਜਾਰੀ ਨਹੀਂ ਕੀਤੇ ਜਾ ਰਹੇ | ਇਸ ਮੌਕੇ ਵਰਿੰਦਰ ਸਿੰਘ, ਅੰਮਿ੍ਤਪਾਲ ਸਿੰਘ, ਰਣਧੀਰ ਸਿੰਘ, ਅਮਰੀਕ ਸਿੰਘ ਮਹਿਰਾਜ, ਹਰਪਾਲ ਸਿੰਘ ਜੋਸ਼ਨ, ਸੰਜੀਵ ਕਾਕੜਾ, ਸੰਜੀਵ ਮਲਹੋਤਰਾ, ਰਮਨ ਕੁਮਾਰ, ਸਰਬਜੀਤ ਸਿੰਘ, ਸੁਖਦੇਵ ਸਿੰਘ, ਮੁਹੰਮਦ ਆਫ਼ਿਸ ਸਮੇਤ ਹੋਰ ਮੁਲਾਜ਼ਮ ਹਾਜ਼ਰ ਸਨ |