ਦੇਵ ਸਮਾਜ ਕਾਲਜ ਫ਼ਾਰ ਵਿਮਨ ’ਚ ਗੂੰਜਿਆ ਸ਼ਹੀਦ ਭਗਤ ਸਿੰਘ ਦਾ ਇਨਕਲਾਬੀ ਫ਼ਲਸਫ਼ਾ
ਫ਼ਿਰੋਜ਼ਪੁਰ, 29 ਸਤੰਬਰ (ਗੁਰਿੰਦਰ ਸਿੰਘ)- ਦੇਵ ਸਮਾਜ ਕਾਲਜ ਫ਼ਾਰ ਵੁਮੈਨ, ਫ਼ਿਰੋਜ਼ਪੁਰ ਦੇ ਰਾਜਨੀਤੀ ਵਿਗਿਆਨ ਵਿਭਾਗ ਵਲੋਂ ਇੰਡੀਅਨ ਨੋਲੇਜ ਸਿਸਟਮ (ਆਈ. ਕੇ.
ਫ਼ਿਰੋਜ਼ਪੁਰ, 29 ਸਤੰਬਰ (ਗੁਰਿੰਦਰ ਸਿੰਘ)- ਦੇਵ ਸਮਾਜ ਕਾਲਜ ਫ਼ਾਰ ਵੁਮੈਨ, ਫ਼ਿਰੋਜ਼ਪੁਰ ਦੇ ਰਾਜਨੀਤੀ ਵਿਗਿਆਨ ਵਿਭਾਗ ਵਲੋਂ ਇੰਡੀਅਨ ਨੋਲੇਜ ਸਿਸਟਮ (ਆਈ.ਕੇ.ਐੱਸ.) ਅਤੇ ਆਈ.ਕਿਊ.ਏ.ਸੀ. ਅਧੀਨ ਲੀਗਲ ਲਿਟਰੇਸੀ ਸੈੱਲ ਦੇ ਸਹਿਯੋਗ ਨਾਲ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਭਾਸ਼ਣ ਮੁਕਾਬਲਾ ਕਰਵਾਇਆ ਗਿਆ। ਸਮਾਗਮ ਦਾ ਉਦੇਸ਼ ਵਿਦਿਆਰਥਣਾਂ ਨੂੰ ਭਗਤ ਸਿੰਘ ਦੇ ਜੀਵਨ, ਵਿਚਾਰਧਾਰਾ, ਇਨਕਲਾਬੀ ਫ਼ਲਸਫ਼ੇ ਅਤੇ ਦੇਸ਼ ਦੀ ਆਜ਼ਾਦੀ ਦੇ ਸੰਗਰਾਮ ਵਿਚ ਉਨ੍ਹਾਂ ਦੇ ਯੋਗਦਾਨ ਤੋਂ ਜਾਣੂ ਕਰਵਾਉਣਾ ਸੀ। ਕਾਲਜ ਦੇ ਚੇਅਰਮੈਨ ਸ਼੍ਰੀ ਨਿਰਮਲ ਸਿੰਘ ਢਿੱਲੋਂ ਦੇ ਅਸ਼ੀਰਵਾਦ, ਪ੍ਰਧਾਨ ਡਾ.ਅਗਨੀਜ਼ ਢਿੱਲੋਂ, ਸਕੱਤਰ ਐਡਵੋਕੇਟ ਅਜੇ ਕੁਮਾਰ ਬੱਤਾ ਅਤੇ ਪ੍ਰਿੰਸੀਪਲ ਡਾ.ਸੰਗੀਤਾ ਦੀ ਅਗਵਾਈ ਹੇਠ ਕਰਵਾਏ ਇਸ ਸਮਾਗਮ ਦੌਰਾਨ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਭਗਤ ਸਿੰਘ ਦੇ ਵਿਚਾਰਾਂ ਨੂੰ ਆਪਣੇ ਭਾਸ਼ਣਾਂ ਦਾ ਕੇਂਦਰ ਬਣਾਇਆ। ਵਿਦਿਆਰਥਣਾਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਸਿਰਫ਼ ਇਕ ਨਿਡਰ ਇਨਕਲਾਬੀ ਹੀ ਨਹੀਂ ਸਨ, ਸਗੋਂ ਡੂੰਘੀ ਸੋਚ ਵਾਲੇ ਚਿੰਤਕ, ਲੇਖਕ ਅਤੇ ਸਮਾਜਿਕ ਸਰੋਕਾਰਾਂ ਨਾਲ ਜੁੜੇ ਨੌਜਵਾਨ ਸਨ। ਉਨ੍ਹਾਂ ਦੇ ਭਾਸ਼ਣਾਂ ਵਿਚ ਦੇਸ਼ ਭਗਤੀ, ਦਲੇਰੀ, ਕੁਰਬਾਨੀ, ਸਮਾਜਿਕ ਨਿਆਂ, ਬਰਾਬਰੀ ਅਤੇ ਸ਼ੋਸ਼ਣ-ਮੁਕਤ ਸਮਾਜ ਦੀ ਸਿਰਜਣਾ ਵਰਗੇ ਵਿਸ਼ਿਆਂ ਨੂੰ ਉਭਾਰਿਆ ਗਿਆ। ਇਸ ਮੌਕੇ ਪ੍ਰਿੰਸੀਪਲ ਡਾ.ਸੰਗੀਤਾ ਨੇ ਕਿਹਾ ਕਿ ਭਗਤ ਸਿੰਘ ਦੇ ਵਿਚਾਰ ਅਤੇ ਜੀਵਨ ਅੱਜ ਦੀ ਨੌਜਵਾਨ ਪੀੜ੍ਹੀ ਲਈ ਪੇ੍ਰਰਨਾ ਦਾ ਸਰੋਤ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਚਿੰਤਨ, ਅਕਾਦਮਿਕ ਰੁਚੀ ਅਤੇ ਸਮਾਜਿਕ ਨਿਆਂ ਦੇ ਆਦਰਸ਼ਾਂ ਨੂੰ ਜੀਵਨ ਵਿਚ ਅਪਣਾਉਣਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੈ। ਮੁਕਾਬਲੇ ਵਿਚ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਵਿਭਾਗ ਮੁਖੀ ਅਤੇ ਸਮਾਗਮ ਦੀ ਕੋਆਰਡੀਨੇਟਰ ਡਾ.ਰੁਕਿੰਦਰ ਕੌਰ ਨੇ ਮਹਿਮਾਨਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਅੰਤ ਵਿਚ ਪ੍ਰਿੰਸੀਪਲ ਡਾ.ਸੰਗੀਤਾ ਨੇ ਸਮਾਗਮ ਦੇ ਸਫ਼ਲ ਆਯੋਜਨ ਲਈ ਸਮੂਹ ਪ੍ਰਬੰਧਕਾਂ ਨੂੰ ਵਧਾਈ ਦਿੱਤੀ।