ਬਠਿੰਡਾ, 1 ਜੂਨ (ਸੱਤਪਾਲ ਸਿੰਘ ਸਿਵੀਆਂ)-ਬੀਤੇ ਦਿਨੀਂ ਗੋਨਿਆਣਾ ਮੰਡੀ ਦੇ ਵਸਨੀਕ ਨਰਿੰਦਰਦੀਪ ਸਿੰਘ ਉਰਫ਼ ਨਨੂੰ ਦੀ ਬਠਿੰਡਾ ਦੇ ਸੀ.ਆਈ.ਏ. ਸਟਾਫ਼ ਦੀ ਪੁਲਿਸ ਦੇ ਕਥਿਤ ਤਸ਼ੱਦਦ ਕਾਰਨ ਹੋਈ ਮੌਤ ਦਾ ਮਾਮਲਾ ਦਿਨੋਂ-ਦਿਨ ਭਖਦਾ ਜਾ ਰਿਹਾ ਹੈ ਤੇ ਹੁਣ ਸੀ.ਪੀ.ਆਈ. (ਐਮ.ਐਲ. ਲਿਬਰੇਸ਼ਨ) ਨੇ ਨਰਿੰਦਰਦੀਪ ਸਿੰਘ ਦੇ ਕਥਿਤ ਤੌਰ 'ਤੇ ਕੀਤੇ ਗਏ ਕਤਲ ਦੀ ਪੰਜਾਬ-ਹਰਿਆਣਾ ਹਾਈਕੋਰਟ ਜਾਂ ਸੀ.ਬੀ. ਆਈ. ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ | ਸੀ.ਪੀ.ਆਈ.ਐਮ.ਐਲ. (ਲਿਬਰੇਸ਼ਨ) ਬਠਿੰਡਾ ਦੇ ਕਨਵੀਨਰ ਕਾਮਰੇਡ ਰਾਜਿੰਦਰ ਸਿੰਘ ਰਾਜੂ ਸਿਵੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੂੰ ਖੁੱਲ੍ਹੀ ਛੁੱਟੀ ਦਿੱਤੀ ਹੈ ਕਿ ਉਹ ਝੂਠੇ ਪੁਲਿਸ ਮੁਕਾਬਲਿਆਂ ਰਾਹੀਂ ਜਾਂ ਤਸ਼ੱਦਦ ਕਰਕੇ ਨੌਜਵਾਨਾਂ ਨੂੰ ਖ਼ਤਮ ਕਰ ਸਕਦੀ ਹੈ ਤੇ ਇਸੇ ਸਿਲਸਿਲੇ ਵਿਚ ਸੀ.ਆਈ.ਏ. ਸਟਾਫ਼ ਬਠਿੰਡਾ ਨੇ 23 ਮਈ ਨੂੰ ਨਰਿੰਦਰ ਦੀਪ ਸਿੰਘ ਨੂੰ ਅਗਵਾ ਕਰਕੇ ਉਸ 'ਤੇ ਤਸ਼ੱਦਦ ਕਰਕੇ ਕਤਲ ਕਰ ਦਿੱਤਾ, ਪਰ ਅਜੇ ਤੱਕ ਉਸ ਦਾ ਗੁਨਾਹ ਨਹੀਂ ਦੱਸਿਆ ਗਿਆ ਅਤੇ ਨਾ ਹੀ ਪੰਜਾਬ ਸਰਕਾਰ ਦੇ ਕਿਸੇ ਨੁਮਾਇੰਦੇ ਜਾਂ ਪੁਲਿਸ ਦੇ ਉੱਚ ਅਧਿਕਾਰੀ ਦਾ ਕੋਈ ਪ੍ਰਤੀਕਰਮ ਸਾਹਮਣੇ ਆਇਆ ਤੇ ਨਾ ਹੀ ਕਥਿਤ ਦੋਸੀ ਗਿ੍ਫ਼ਤਾਰ ਕੀਤੇ ਹਨ | ਕਾਮਰੇਡ ਰਜਿੰਦਰ ਰਾਜੂ ਤੇ ਉਨ੍ਹਾਂ ਦੀ ਜਥੇਬੰਦੀ ਨੇ ਮੰਗ ਕੀਤੀ ਹੈ ਕਿ ਇਸ ਕੇਸ ਵਿਚ ਜੋ ਗੈਰ ਇਰਾਦਤਨ ਕਤਲ ਦੀ ਧਾਰਾ ਲਗਾਈ ਹੈ, ਉਸ ਦੀ ਬਜਾਏ ਸਿੱਧੀ ਕਤਲ ਦੀ ਧਾਰਾ ਲਗਾਈ ਜਾਵੇ ਅਤੇ ਇਸ ਦੀ ਜਾਂਚ ਹਾਈਕੋਰਟ ਦੇ ਜੱਜ ਜਾਂ ਸੀ.ਬੀ.ਆਈ. ਦੇ ਹਵਾਲੇ ਕੀਤੀ ਜਾਵੇ | ਲਿਬਰੇਸ਼ਨ ਨੇ ਇਸ ਸੰਬੰਧੀ ਬਣੀ ਐਕਸ਼ਨ ਕਮੇਟੀ ਵਲੋਂ ਇਨਸਾਫ਼ ਲੈਣ ਲਈ 5 ਜੂਨ ਨੂੰ ਐੱਸ.ਐੱਸ.ਪੀ. ਬਠਿੰਡਾ ਦੇ ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ ਕਰਨ ਦੇ ਸੱਦੇ ਨੂੰ ਪੂਰਨ ਹਮਾਇਤ ਦੇਣ ਦਾ ਵੀ ਐਲਾਨ ਕੀਤਾ ਹੈ |