ਬਠਿੰਡਾ, 3 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ): ਸੂਬਾ ਸਰਕਾਰ ਪਸ਼ੂ ਪਾਲਕਾਂ ਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਡੇਅਰੀ ਸਿਖਲਾਈ ਦੇਣ ਲਈ ਹਰ ਤਰ੍ਹਾਂ ਦੇ ਵਿਸ਼ੇਸ਼ ਉਪਰਾਲਿਆਂ ਤਹਿਤ ਸਹਾਇਕ ਧੰਦਿਆਂ ਨੂੰ ਆਪਣਾ ਕੇ ਲੋਕਾਂ ਨੂੰ ਆਪਣੇ ਪੈਰਾਂ ਸਿਰ ਖੜ੍ਹਾ ਕਰਨ ਦਾ ਯਤਨ ਕਰ ਰਹੀ ਹੈ | ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ | ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਡਾਇਰੈਕਟਰ ਡੇਅਰੀ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਸਮੇਂ-ਸਮੇਂ ਅਨੁਸਾਰ ਪਿੰਡਾਂ ਵਿਚ ਪਸ਼ੂ ਪਾਲਕਾਂ ਦੇ ਗਿਆਨ ਵਿਚ ਵਾਧਾ ਕਰਨ ਦੇ ਮੱਦੇਨਜ਼ਰ ਲਗਾਤਾਰ ਡੇਅਰੀ ਸਿਖਲਾਈ ਦਿੱਤੀ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਸਵੈ ਰੋਜ਼ਗਾਰ ਸਕੀਮ ਤਹਿਤ ਡੇਅਰੀ ਦੀ ਸਿਖਲਾਈ ਲਈ ਪਸ਼ੂ ਪਾਲਕਾਂ ਨੂੰ 10 ਦਿਨਾਂ ਦੀ ਸਿਖਲਾਈ ਕਰਵਾਈ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਸਿਖਲਾਈ ਲੈਣ ਲਈ ਜਨਰਲ ਕੈਟਾਗਰੀ ਲਈ 1000 ਰੁਪਏ ਅਤੇ ਐਸ.ਸੀ ਲਈ 750 ਰੁਪਏ ਫ਼ੀਸ ਹੈ ਅਤੇ ਪਸ਼ੂ ਪਾਲਕ ਪੰਜਵੀਂ ਪਾਸ ਤੇ ਉਮਰ 18 ਤੋਂ 55 ਸਾਲ ਹੋਣੀ ਲਾਜ਼ਮੀ ਹੈ ਅਤੇ ਡੇਅਰੀ ਉਦਮ ਸਿਖਲਾਈ ਤਹਿਤ ਪਸ਼ੂ ਪਾਲਕ ਦਸਵੀਂ ਪਾਸ ਤੇ ਉਮਰ 18 ਤੋਂ 45 ਸਾਲ ਹੋਵੇ | ਇਸ ਦੀ ਫ਼ੀਸ 5000 ਰੁਪਏ ਜਰਨਲ ਕੈਟਾਗਰੀ ਪ੍ਰਤੀ ਸਿੱਖਿਆਰਥੀ ਅਤੇ ਐਸ.ਸੀ ਵਰਗ ਲਈ 4000 ਰੁਪਏ ਹੈ | ਇਸ ਤੋਂ ਇਲਾਵਾ 100 ਰੁਪਏ ਦਾ ਵੱਖਰਾ ਫਾਰਮ ਹੈ | ਇਹ ਸਿਖਲਾਈ ਡੇਅਰੀ ਵਿਕਾਸ ਵਿਭਾਗ ਦੇ ਸਿਖਲਾਈ ਕੇਂਦਰ ਸਰਦੂਲਗੜ੍ਹ (ਜ਼ਿਲ੍ਹਾ ਮਾਨਸਾ), ਅਬਲੂ ਖਰਾਣਾ (ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ) ਅਤੇ ਗਿੱਲ (ਜ਼ਿਲ੍ਹਾ ਮੋਗਾ) ਵਿਖੇ ਕਰਵਾਈ ਜਾਂਦੀ ਹੈ | ਉਨ੍ਹਾਂ ਦੱਸਿਆ ਕਿ 90 ਹਜ਼ਾਰ ਲੋਨ ਪ੍ਰਤੀ ਗਾਂ ਜਾਂ ਮੱਝ ਲਈ ਸਿਖਲਾਈ ਲੈਣ ਤੋਂ ਬਾਅਦ ਪਸ਼ੂ ਪਾਲਕ ਨੂੰ ਦਿੱਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ 2,5,10 ਅਤੇ 20 ਜਾਨਵਰਾਂ ਲਈ ਲੋਨ ਬੈਂਕ ਵਲੋਂ ਕੇਸ ਸਪੋਂਸਰ ਕਰਕੇ ਦਿਵਾਇਆ ਜਾਂਦਾ ਹੈ | ਸਰਕਾਰੀ ਸਕੀਮ ਅਧੀਨ ਫਿਊਚਰ ਜਨਰਲ ਕੰਪਨੀ ਦਾ ਡੇਅਰੀ ਵਿਕਾਸ ਵਿਭਾਗ ਨਾਲ ਰਾਬਤਾ ਹੋਣ ਕਰਕੇ ਡੇਅਰੀ ਫਾਰਮ ਲਈ ਸਰਕਾਰ ਵਲੋਂ ਨੈਸ਼ਨਲ ਲਾਈਵ ਸਟਾਕ ਮਿਸ਼ਨ ਅਧੀਨ ਪਸ਼ੂਆਂ ਦਾ ਬੀਮਾ ਕੀਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਜਾਨਵਰਾਂ ਲਈ ਸਬਸਿਡੀ ਦੀ ਵਿਵਸਥਾ ਵੀ ਹੈ, ਜੋ ਕਿ 25 ਫ਼ੀਸਦੀ ਜਨਰਲ ਵਰਗ ਤੇ 33 ਫ਼ੀਸਦੀ ਐਸ.ਸੀ ਵਰਗ ਲਈ ਸਰਕਾਰ ਵਲੋਂ ਸ਼ਡਿਊਲ ਫ਼ੰਡ ਉਪਲਬਧ ਹੋਣ ਕਰਕੇ ਹੀ ਮਿਲਦੀ ਹੈ |