ਬਠਿੰਡਾ, 4 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ):-ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਪੁਲਿਸ ਸਟੇਟ ਬਣ ਚੁੱਕਿਆ ਹੈ, ਵਿਗੜ ਰਹੇ ਹਾਲਾਤਾਂ ਪ੍ਰਤੀ ਮੁੱਖ ਮੰਤਰੀ ਪੰਜਾਬ ਅਤੇ ਡੀਜੀਪੀ ਦਾ ਕੋਈ ਧਿਆਨ ਨਹੀਂ, ਸ਼ਰੇਆਮ ਨੌਜਵਾਨਾਂ ਦੇ ਕਤਲੇਆਮ ਹੋ ਰਹੇ ਹਨ, ਜਿਸ ਦੇ ਲਈ ਖ਼ੁਦ ਸਰਕਾਰ ਜ਼ਿੰਮੇਵਾਰ ਹੈ¢ ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ ਦਿਓ, ਪੁਲਿਸ ਦੇ ਕਾਨੂੰਨ ਵਿਚ ਬਦਲਾਵ ਕਰਾਂਗੇ | ਪੁਲਿਸ ਅਫ਼ਸਰਾਂ ਅਤੇ ਮੁਲਾਜ਼ਮਾਂ ਨੂੰ ਦਿੱਤੀਆਂ ਪਾਵਰਾਂ ਘੱਟ ਕੀਤੀਆਂ ਜਾਣਗੀਆਂ ਤਾਂ ਜੋ ਕਿਸੇ ਵੀ ਥਾਣੇ ਵਿਚ 'ਥਰਡ ਡਿਗਰੀ' ਨਾਲ ਕਿਸੇ ਨੌਜਵਾਨ ਦੀ ਮੌਤ ਨਾ ਹੋਵੇ ਅਤੇ ਨਾ ਹੀ ਇਸ ਤਰ੍ਹਾਂ ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾਉਣ ਵਾਲੇ ਨਾਲ ਕੁੱਟਮਾਰ ਕਰਨ ਵਾਲੇ ਦੋਸ਼ੀ ਬਚ ਕੇ ਨਿਕਲ ਸਕਣ ¢ ਕਾਂਗਰਸ ਪ੍ਰਧਾਨ ਨੇ ਇੱਥੇ ਇਕ ਪ੍ਰਾਈਵੇਟ ਹਸਪਤਾਲ 'ਚ ਇਲਾਜ ਅਧੀਨ ਸਾਬਕਾ ਫ਼ੌਜੀ ਰਣਵੀਰ ਸਿੰਘ, ਜਿਸ ਦੀਆਂ ਨਸ਼ਾ ਤਸਕਰਾਂ ਨੇ ਪਿਛਲੇ ਦਿਨੀਂ ਦੋਵੇਂ ਲੱਤਾਂ ਤੋੜ ਦਿੱਤੀਆਂ ਸਨ, ਦਾ ਹਾਲ-ਚਾਲ ਜਾਣਿਆ ਅਤੇ ਉਸ ਨਾਲ ਹਮਦਰਦੀ ਜਤਾਉਂਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਸ ਦੇ ਇਲਾਜ ਦਾ ਸਾਰਾ ਖ਼ਰਚ ਸਰਕਾਰ ਕਰੇ ਅਤੇ ਬਾਕੀ ਰਹਿੰਦੇ ਦੋਸ਼ੀ ਨੂੰ ਵੀ ਗਿ੍ਫ਼ਤਾਰ ਕਰਕੇ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ | ਰਾਜਾ ਵੜਿੰਗ ਨੇ ਕਿਹਾ ਕਿ ਅੱਜ ਸੂਬੇ ਦੇ ਹਾਲਾਤ ਬਹੁਤ ਮਾੜੇ ਹਨ, ਦਿੱਲੀ ਵਾਲੇ ਕਾਬਜ਼ ਹੋ ਚੁੱਕੇ ਹਨ, ਇੰਚਾਰਜ ਕਾਂਗਰਸ ਦੇ ਵੀ ਲੱਗਦੇ ਹਨ, ਪਰ ਇਸ ਤਰ੍ਹਾਂ ਕਾਂਗਰਸ ਦਾ ਕੋਈ ਵੀ ਲੀਡਰ ਮੰਤਰੀਆਂ, ਵਿਧਾਇਕਾਂ ਦੇ ਨਾਲ ਓਐਸਡੀ ਜਾਂ ਵੱਖ-ਵੱਖ ਵਿਭਾਗਾਂ ਦਾ ਚੇਅਰਮੈਨ ਬਾਹਰਲੇ ਸੂਬਿਆਂ ਵਿਚੋਂ ਨਹੀਂ ਲਾਇਆ, ਪ੍ਰੰਤੂ ਆਮ ਆਦਮੀ ਪਾਰਟੀ ਦਾ ਤਾਂ ਸਿਖਰ ਹੋ ਚੁੱਕਿਆ ਹੈ ਜੋ ਪੰਜਾਬ ਦੇ ਵੱਖ-ਵੱਖ ਅਹੁਦਿਆਂ 'ਤੇ ਦਿੱਲੀ ਅਤੇ ਹੋਰਨਾਂ ਸੂਬਿਆਂ ਦੇ 'ਆਪ' ਵਰਕਰਾਂ ਨੂੰ ਇੰਚਾਰਜ ਲਾਇਆ ਜਾ ਰਿਹਾ ਹੈ | ਸਰਕਾਰ ਦਾ ਸਮਾਂ ਥੋੜਾ ਹੀ ਰਹਿ ਗਿਆ, ਇਨ੍ਹਾਂ ਗੱਲਾਂ ਦਾ ਮੁੱਖ ਮੰਤਰੀ ਅਤੇ ਕੇਜਰੀਵਾਲ ਨੂੰ ਜਵਾਬ ਦੇਣਾ ਹੀ ਪਵੇਗਾ ¢ ਭਾਜਪਾ ਪ੍ਰਧਾਨ ਸੁਨੀਲ ਜਾਖੜ ਵਲੋਂ ਰਾਜਾ ਵੜਿੰਗ ਨੂੰ ਔਕਾਤ ਲਫ਼ਜ਼ ਨਾਲ ਸੰਬੋਧਨ ਕਰਨ ਦੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਔਕਾਤ ਵਰਗੇ ਸ਼ਬਦ ਬੋਲਣ ਵਾਲੇ ਲੀਡਰ ਨੂੰ ਔਕਾਤ ਯਾਦ ਵੀ ਕਰਵਾ ਸਕਦੇ ਹਾਂ, ਪਰ ਉਹ ਉਨ੍ਹਾਂ ਦਾ ਸਤਿਕਾਰ ਕਰਦੇ ਹਨ, ਇਸ ਤਰ੍ਹਾਂ ਦੇ ਲਫ਼ਜ਼ ਬੋਲਣੇ ਸ਼ੋਭਾ ਨਹੀਂ ਦਿੰਦੇ¢ ਪਹਿਲਾਂ ਇਹ ਅਜਗਰ ਕਾਂਗਰਸ ਨੂੰ ਖਾ ਗਏ ਅਤੇ ਹੁਣ ਭਾਜਪਾ ਨੂੰ ਖਾਣ ਲੱਗੇ ਹੋਏ ਹਨ, ਜਿਨ੍ਹਾਂ ਤੋਂ ਪੰਜਾਬ ਦੇ ਭਲੇ ਦੀ ਕੋਈ ਉਮੀਦ ਨਹੀਂ¢ ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ, ਪ੍ਰੀਤਮ ਸਿੰਘ ਕੋਟਭਾਈ ਤੇ ਜਗਦੇਵ ਸਿੰਘ ਕਮਾਲੂ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ, ਡੈਲੀਗੇਟ ਕੇ.ਕੇ. ਅਗਰਵਾਲ, ਪਵਨ ਮਾਨੀ, ਅਵਤਾਰ ਸਿੰਘ ਗੋਨਿਆਣਾ, ਬਲਵੰਤ ਰਾਏ ਨਾਥ, ਦਰਸ਼ਨ ਸਿੰਘ ਜੀਦਾ, ਕਿਰਨਜੀਤ ਸਿੰਘ ਗਹਿਰੀ, ਮੀਤ ਪ੍ਰਧਾਨ ਰੁਪਿੰਦਰ ਬਿੰਦਰਾ, ਪ੍ਰਕਾਸ਼ ਚੰਦ, ਨੱਥੂ ਰਾਮ, ਭੁਪਿੰਦਰ ਸਿੰਘ ਗੋਰਾ ਸਮੇਤ ਹੋਰ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ¢