ਤਲਵੰਡੀ ਸਾਬੋ, 1 ਸਤੰਬਰ (ਰਵਜੋਤ ਸਿੰਘ ਰਾਹੀ)-ਗੁਰੂ ਕਾਸ਼ੀ ਯੂਨੀਵਰਸਿਟੀ ਵਲੋਂ ਪ੍ਰਬੰਧਨ, ਅਕਾਦਮਿਕ ਨਿਯਮਾਂ, ਸਹੂਲਤਾਂ ਅਤੇ ਪ੍ਰਕਿਰਿਆਵਾਂ ਨਾਲ ਵਿਦਿਆਰਥੀਆਂ ਦਾ ਰਾਬਤਾ ਕਰਾਉਣ ਦੇ ਮੰਤਵ ਨਾਲ ਉਪ-ਕੁਲਪਤੀ ਪ੍ਰੋ.(ਡਾ.) ਰਾਮੇਸ਼ਵਰ ਸਿੰਘ ਦੀ ਰਹਿਨੁਮਾਈ ਹੇਠ ਓਰੀਐਨਟੇਸ਼ਨ ਪ੍ਰੋਗਰਾਮ 'ਦੀਕਸ਼ਾਰੰਭ-2025' ਦਾ ਆਗਾਜ਼ ਮੁੱਖ ਮਹਿਮਾਨ ਗੁਰਲਾਭ ਸਿੰਘ ਸਿੱਧੂ ਚਾਂਸਲਰ ਵਲੋਂ ਕੀਤਾ ਗਿਆ | ਇਸ ਮੌਕੇ ਡਾਇਰੈਕਟਰ ਸਪੋਰਟਸ, ਡਾਇਰੈਕਟਰ ਆਈ.ਟੀ., ਇੰਚਾਰਜ ਲਾਇਬ੍ਰੇਰੀ, ਫੈਕਲਟੀ ਆਫ਼ ਐਗਰੀਕਲਚਰ, ਫੈਕਲਟੀ ਆਫ਼ ਕੰਪਿਉਟਿੰਗ, ਫੈਕਲਟੀ ਆਫ਼ ਇੰਜੀਨਿਅਰਿੰਗ ਐਂਡ ਟੈਕਨਾਲੋਜੀ, ਫੈਕਲਟੀ ਆਫ਼ ਵਿਜ਼ੂਅਲ ਐਂਡ ਪਰਫ਼ਾਰਮਿੰਗ ਆਰਟਸ, ਫੈਕਲਟੀ ਆਫ਼ ਮੈਨੇਜ਼ਮੈਂਟ ਐਂਡ ਕਾਮਰਸ, ਫੈਕਲਟੀ ਆਫ਼ ਹੈਲਥ ਐਂਡ ਅਲਾਈਡ ਸਾਇੰਸਜ਼ ਦੇ ਡੀਨ ਅਤੇ ਕੰਟਰੋਲਰ ਪ੍ਰੀਖਿਆਵਾਂ ਵਲੋਂ ਪੀ.ਪੀ.ਟੀ. ਰਾਹੀਂ ਪ੍ਰੈਜ਼ੈਨਟੇਸ਼ਨਜ਼ ਦਿੱਤੀਆਂ ਗਈਆਂ | ਮੁੱਖ ਮਹਿਮਾਨ ਸ. ਸਿੱਧੂ ਨੇ ਕਿਹਾ ਕਿ ਇਨਸਾਨਾਂ ਅਤੇ ਲੋੜਵੰਦਾਂ ਦੀ ਸੇਵਾ ਸਿੱਖਿਆ ਦਾ ਪਹਿਲਾ ਪਾਠ ਹੈ | ਜੀ.ਕੇ.ਯੂ. ਪਰਿਵਾਰ ਹੜ੍ਹ ਪੀੜਤਾਂ ਦੇ ਦੁੱਖ ਵਿਚ ਪੂਰੀ ਤਰ੍ਹਾਂ ਸ਼ਾਮਿਲ ਹੈ | ਉਨ੍ਹਾਂ 'ਵਰਸਿਟੀ ਵਲੋਂ ਪੰਜਾਬ ਹੜ੍ਹ ਪੀੜਤਾਂ ਲਈ ਹਰ ਤਰ੍ਹਾਂ ਦੇ ਸਹਿਯੋਗ ਦੀ ਗੱਲ ਆਖਦਿਆਂ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਇਸ ਕਾਰਜ ਲਈ ਹਰ ਸੰਭਵ ਪੱਧਰ 'ਤੇ ਸਹਿਯੋਗ ਅਤੇ ਲੋੜੀਂਦੀਆਂ ਵਸਤਾਂ ਹੜ੍ਹ ਪੀੜਤਾਂ ਨੂੰ ਭੇਜਣ ਦੀ ਅਪੀਲ ਕੀਤੀ | ਡਾ. ਆਰ.ਪੀ. ਸਹਾਰਨ, ਡੀਨ ਅਕਾਦਮਿਕ ਨੇ ਵਿਦਿਆਰਥੀਆਂ ਵਲੋਂ 'ਵਰਸਿਟੀ ਦੇ ਪਲੇਸਮੈਂਟ ਸੈੱਲ ਦੇ ਸਹਿਯੋਗ ਨਾਲ ਵੱਖ-ਵੱਖ ਸਰਕਾਰੀ ਅਤੇ ਗੈਰ-ਸਰਕਾਰੀ ਅਦਾਰਿਆਂ ਵਿਚ ਪ੍ਰਾਪਤ ਕੀਤੀਆਂ ਗਈਆਂ ਉਚ ਪਦਵੀਆਂ ਬਾਰੇ ਵੀ ਚਾਨਣਾ ਪਾਇਆ | ਕੰਟਰੋਲਰ ਪ੍ਰੀਖਿਆਵਾਂ ਤੇ ਡਾਇਰੈਕਟਰ ਆਈ.ਟੀ. ਨੇ ਨਵੇਂ ਸੈਸ਼ਨ ਲਈ ਵਿਦਿਆਰਥੀਆਂ ਨੂੰ ਕੰਪਿਊਟਰ ਅਤੇ ਨਵੀਂ ਤਕਨੀਕ ਵਿਚ ਮੁਹਾਰਤ ਹਾਸਿਲ ਕਰਨ ਦੀ ਪ੍ਰੇਰਨਾ ਦਿੱਤੀ | ਇਸ ਮੌਕੇ ਫੈਕਲਟੀ ਆਫ਼ ਵਿਜ਼ੂਅਲ ਐਂਡ ਪਰਫਾਰਮਿੰਗ ਆਰਟਸ ਵਲੋਂ ਡਾ: ਗੁਰਪ੍ਰੀਤ ਕੌਰ ਡੀਨ ਦੀ ਰਹਿਨੁਮਾਈ ਹੇਠ ਸੂਫ਼ੀਆਨਾ ਪ੍ਰੋਗਰਾਮ 'ਇਬਾਦਤ' ਪੇਸ਼ ਕੀਤਾ ਗਿਆ | ਨਿਰਦੇਸ਼ਕ ਵਿਦਿਆਰਥੀ ਭਲਾਈ ਨੇ 'ਵਰਸਿਟੀ ਵਲੋਂ ਕਰਵਾਏ ਜਾਂਦੇ ਸੱਭਿਆਚਾਰਕ ਪ੍ਰੋਗਰਾਮਾਂ, ਐਨ.ਐਸ.ਐਸ., ਐਨ. ਸੀ. ਸੀ. ਦੀਆਂ ਗਤੀਵਿਧੀਆਂ, ਯੁਵਕ ਭਲਾਈ ਮੇਲੇ ਅਤੇ 'ਵਰਸਿਟੀ ਵਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਚਾਨਣਾ ਪਾਇਆ | ਮੰਚ ਸੰਚਾਲਨ ਦੀ ਜ਼ਿਮੇਵਾਰੀ ਲਵਲੀਨ ਸੱਚਦੇਵਾ ਅਤੇ ਡਾ: ਜੀਨੀਅਸ ਵਾਲੀਆ ਨੇ ਬਾਖੂਬੀ ਨਿਭਾਈ |