ਭਗਤਾ ਭਾਈਕਾ, 2 ਸਤੰਬਰ (ਸੁਖਪਾਲ ਸਿੰਘ ਸੋਨੀ)-ਸਥਾਨਿਕ ਸ਼ਹਿਰ ਵਿਚੋਂ ਗੁਜ਼ਰਦੀ ਚੰਦਭਾਨ ਡਰੇਨ ਦੀ ਸਮੇਂ ਸਿਰ ਸਫ਼ਾਈ ਨਾ ਹੋਣ ਕਾਰਨ ਸਥਾਨਕ ਲੋਕਾਂ ਦੀਆਂ ਚਿੰਤਾਵਾਂ ਵੱਧ ਗਈਆਂ ਹਨ | ਅੱਜ ਡਰੇਨ ਵਿਚ ਪਾਣੀ ਦਾ ਪੱਧਰ ਵੱਧਣ ਕਾਰਨ ਡਰੇਨ ਵਿਚਲੇ ਦਰੱਖ਼ਤ ਡਰੇਨ ਵਿਚ ਹੀ ਡਿੱਗਣੇ ਸ਼ੁਰੂ ਹੋ ਗਏ ਅਤੇ ਪਿੰਡ ਵਾਲੇ ਪਾਸੇ ਪੱਟੜੀ ਦੀ ਸਥਿਤ ਬੇਹੱਦ ਨਾਜ਼ੁਕ ਸਾਬਿਤ ਹੋਣ ਲੱਗੀ ਹੈ | ਡਰੇਨ ਵਿਚ ਦਰੱਖ਼ਤ ਡਿੱਗਣ ਅਤੇ ਵੱਡੀ ਪੱਧਰ 'ਤੇ ਡਰੇਨ ਵਿਚ ਖੜੀ ਹਰੀ ਬੂਟੀ ਪਾਣੀ ਗੁਜ਼ਰਨ ਵਿਚ ਅੜਿੱਕਾ ਬਣ ਰਹੀ ਹੈ | ਪਾਣੀ ਦੀ ਰੁਕਾਵਟ ਕਾਰਨ ਭਗਤਾ ਭਾਈਕਾ ਦੇ ਪਿੰਡ ਵਾਲੇ ਪਾਸੇ ਦੀ ਪੱਟੜੀ ਵਿਚ ਤਰੇੜਾਂ ਆ ਗਈਆਂ ਅਤੇ ਪਟੜੀ ਟੁੱਟਣ ਦਾ ਖ਼ਤਰਾ ਬਣ ਗਿਆ | ਇਸ ਸਬੰਧੀ ਸੂਚਨਾ ਮਿਲਦਿਆਂ ਹੀ ਸਥਾਨਕ ਨਗਰ ਪੰਚਾਇਤ ਦੇ ਪ੍ਰਧਾਨ ਬੂਟਾ ਸਿੰਘ ਸਿੱਧੂ ਵਲੋਂ ਆਪਣੀ ਟੀਮ ਸਮੇਤ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਤੁਰੰਤ ਜੇ ਸੀ ਬੀ ਮਸ਼ੀਨਾਂ ਮੰਗਵਾਕੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ | ਇਸ ਸਮੇਂ ਵੱਡੀ ਪੱਧਰ 'ਤੇ ਨੌਜਵਾਨਾਂ ਅਤੇ ਪਿੰਡ ਵਾਸੀਆਂ ਵਲੋਂ ਸਹਿਯੋਗ ਦਿੱਤਾ ਗਿਆ | ਨੌਜਵਾਨਾਂ ਵਲੋਂ ਡਰੇਨ ਵਿਚੋਂ ਦਰੱਖ਼ਤ ਵੱਢ ਕੇ ਕੱਢੇ ਜਾ ਰਹੇ ਹਨ | ਡਰੇਨ ਉਪਰ ਮੌਜੂਦ ਨਗਰ ਪੰਚਾਇਤ ਭਗਤਾ ਭਾਈਕਾ ਦੇ ਪ੍ਰਧਾਨ ਬੂਟਾ ਸਿੰਘ ਸਿੱਧੂ, ਕੌਂਸਲਰ ਗੁਰ ਪ੍ਰੀਤ ਸਿੰਘ ਘਾਰ ਨੇ ਪੰਜਾਬ ਸਰਕਾਰ ਤੋਂ ਸਪੈਸ਼ਲ ਟੀਮ ਭੇਜ ਕੇ ਡਰੇਨ ਦੀ ਤੁਰੰਤ ਸਫ਼ਾਈ ਕਰਵਾਉਣ ਦੀ ਅਪੀਲ ਕੀਤੀ | ਉਨ੍ਹਾਂ ਤੁਰੰਤ ਡਰੇਨ ਵਿਚੋਂ ਦਰੱਖ਼ਤ ਅਤੇ ਬੂਟੀ ਨਾ ਕੱਢਣ ਅਤੇ ਸਫ਼ਾਈ ਨਾ ਕਰਨ ਦੀ ਸੂਰਤ ਵਿਚ ਪਟੜੀ ਟੁੱਟਣ ਦੀ ਸ਼ੰਕਾ ਪ੍ਰਗਟਾਈ | ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਨਜੀਤ ਸਿੰਘ ਧੁੰਨਾ, ਗਗਨਦੀਪ ਸਿੰਘ ਗਰੇਵਾਲ, ਜਗਮੋਹਣ ਲਾਲ ਕੌਂਸਲਰ, ਭਾਜਪਾ ਆਗੂ ਗੁਰਵਿੰਦਰ ਸਿੰਘ ਭਗਤਾ, ਨਸ਼ਾ ਵਿਰੋਧੀ ਐਕਸਨ ਕਮੇਟੀ ਭਗਤਾ ਦੇ ਆਗੂ ਸੁਖਚੈਨ ਸਿੰਘ ਚੈਨਾ, ਕਿਸਾਨ ਆਗੂ ਅਵਤਾਰ ਸਿੰਘ ਤਾਰੀ ਨੇ ਦੋਸ਼ ਲਗਾਇਆ ਕਿ ਸਰਕਾਰ ਅਤੇ ਸਬੰਧਿਤ ਵਿਭਾਗ ਦੀ ਵੱਡੀ ਅਣਗਹਿਲੀ ਕਰਨ ਲੋਕਾਂ ਲਈ ਵੱਡੀ ਸਮੱਸਿਆ ਬਣ ਸਕਦੀ ਹੈ | ਉਨ੍ਹਾਂ ਪੰਜਾਬ ਸਰਕਾਰ, ਡਰੇਨ ਵਿਭਾਗ, ਡਿਪਟੀ ਕਮਿਸ਼ਨਰ ਬਠਿੰਡਾ ਤੋਂ ਡਰੇਨ ਦੀ ਸਫ਼ਾਈ ਲਈ ਤੁਰੰਤ ਕਦਮ ਉਠਾਉਣ ਦੀ ਮੰਗ ਕੀਤੀ | ਆਮ ਆਦਮੀ ਪਾਰਟੀ ਦੇ ਆਗੂ ਏਕਮ ਸਿੰਘ, ਰਾਕੇਸ ਕੁਮਾਰ ਅਰੋੜਾ ਵਲੋਂ ਡਰੇਨ ਦੀ ਉਕਤ ਸਮੱਸਿਆ ਸਬੰਧੀ ਤੁਰੰਤ ਪ੍ਰਸ਼ਾਸਨ ਦੇ ਧਿਆਨ ਵਿਚ ਲਿਆ ਕੇ ਮੱਦਦ ਲਈ ਅਪੀਲ ਕੀਤੀ | ਉਨ੍ਹਾਂ ਵਲੋਂ ਰਾਹਤ ਕਾਰਜਾਂ ਵਿਚ ਵੀ ਯੋਗਦਾਨ ਪਾਇਆ ਗਿਆ |
ਭਗਤਾ ਭਾਈਕਾ ਵਿਖੇ ਚੰਦਭਾਨ ਡਰੇਨ ਦੀ ਸਮੇਂ ਸਿਰ ਸਫ਼ਾਈ ਨਾ ਹੋਣ ਕਾਰਨ ਲੋਕਾਂ 'ਚ ਸਹਿਮ <br/>
ਅਜੀਤ ਡੈਸਕ
03-09-2025