ਡੱਬਵਾਲੀ, 3 ਸਤੰਬਰ (ਇਕਬਾਲ ਸਿੰਘ ਸ਼ਾਂਤ)- ਡੱਬਵਾਲੀ ਸਬਜ਼ੀ ਆੜ੍ਹਤੀਆਂ ਐਸੋਸੀਏਸ਼ਨ ਦੀ ਏਮਜ਼ ਬਠਿੰਡਾ ਵਿਖੇ ਬਾਬਾ ਸੁਬੇਗ ਸਿੰਘ ਦੀ ਅਗਵਾਈ 'ਚ ਸੰਚਾਲਿਤ ਲੰਗਰ ਸੇਵਾ ਵਿਚ ਮਾਸਿਕ ਭਾਗੀਦਾਰੀ ਲਗਾਤਾਰ ਜਾਰੀ ਹੈ | ਸਤੰਬਰ ਮਹੀਨੇ ਦੇ ਦਸਵੰਧ ਵਜੋਂ ਅੱਜ ਲਗਭਗ 5-6 ਕੁਇੰਟਲ ਸਬਜ਼ੀ ਭੇਜੀ ਗਈ | ਇਸ ਮੌਕੇ ਸਬਜ਼ੀ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਚੰਦਰ ਕੰਬੋਜ਼, ਉਪ ਪ੍ਰਧਾਨ ਰਾਕੇਸ਼ ਕੰਬੋਜ਼ 'ਦਾਰਾ', ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਉਦੈਪਾਲ ਪੱਪੂ, ਦੀਪਕ ਗਰਗ, ਰਵੀ ਮਹਿਤਾ, ਮਹਿੰਦਰ ਕੁਮਾਰ, ਤੰਮਨ, ਅਮਿਤ, ਹੰਨੀ, ਗੁਰਪ੍ਰੀਤ ਸਿੰਘ ਅਤੇ ਰਜਨੀਸ਼ ਸਮੇਤ ਹੋਰਨਾਂ ਸਬਜ਼ੀ ਆੜ੍ਹਤੀਏ ਮੌਜੂਦ ਸਨ | ਪ੍ਰਧਾਨ ਚੰਦਰ ਕੰਬੋਜ਼ ਨੇ ਦੱਸਿਆ ਕਿ ਏਮਜ਼ ਬਠਿੰਡਾ ਵਿਖੇ ਰੋਜ਼ਾਨਾ ਹਜ਼ਾਰਾਂ ਲੋਕ ਦੂਰ-ਦਰਾਜ ਤੋਂ ਇਲਾਜ ਲਈ ਆਉਂਦੇ ਹਨ | ਬਾਬਾ ਸੁਬੇਗ ਸਿੰਘ ਦੀ ਅਗਵਾਈ ਵਿਚ ਏਮਜ਼ ਵਿਚ ਪਿਛਲੇ ਪੰਜ ਸਾਲਾਂ ਤੋਂ ਰੋਜ਼ਾਨਾ ਲੰਗਰ ਚੱਲਦਾ ਹੈ, ਜੋ ਕਿ ਇਲਾਜ ਖ਼ਾਤਰ ਪੁੱਜਦੇ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਵੱਡੀ ਰਾਹਤ ਸਾਬਤ ਹੋ ਰਿਹਾ ਹੈ | ਡੱਬਵਾਲੀ ਸਬਜ਼ੀ ਮੰਡੀ ਦੇ ਆੜ੍ਹਤੀਏ ਵੀ ਇਸ ਪੁੰਨ ਕਾਰਜ ਵਿਚ ਆਪਣਾ ਯੋਗਦਾਨ ਪਾ ਰਹੇ ਹਨ | ਲੰਗਰ ਸੇਵਾ ਸਮੱਗਰੀ ਦੇ ਇੰਚਾਰਜ ਪੰਨਾ ਸਿੱਧੂ ਨੇ ਦੱਸਿਆ ਕਿ ਡੱਬਵਾਲੀ ਦੇ ਸਬਜ਼ੀ ਆੜ੍ਹਤੀਆਂ ਵਲੋਂ ਹਰ ਮਹੀਨੇ ਹਜ਼ਾਰਾਂ ਰੁਪਏ ਦੀ ਸਬਜ਼ੀ ਪੱਕੇ ਤੌਰ 'ਤੇ ਭੇਜੀ ਜਾਂਦੀ ਹੈ | ਇਸ ਤੋਂ ਇਲਾਵਾ ਤਲਵੰਡੀ ਸਾਹਿਬ ਅਤੇ ਰਾਮਾਂ ਮੰਡੀ ਦੇ ਸਬਜ਼ੀ ਆੜ੍ਹਤੀਏ ਵੀ ਲੰਗਰ ਸੇਵਾ ਵਿਚ ਯੋਗਦਾਨ ਪਾਉਂਦੇ ਹਨ | ਏਮਜ਼ ਬਠਿੰਡਾ ਵਿਚ ਇਹ ਲੰਗਰ ਸੇਵਾ ਨਾਲ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਸਰਹੱਦੀ ਜ਼ਿਲਿ੍ਹਆਂ ਤੋਂ ਆਉਣ ਵਾਲੇ ਮਰੀਜ਼ ਅਤੇ ਪਰਿਵਾਰਕ ਮੈਂਬਰ ਇਲਾਜ ਦੌਰਾਨ ਹੋਟਲ ਅਤੇ ਢਾਬਿਆਂ ਦੇ ਮਹਿੰਗੇ ਖਾਣੇ ਤੋਂ ਬਚ ਜਾਂਦੇ ਹਨ |