ਬਠਿੰਡਾ, 3 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਤੇ ਉੱਘੇ ਵਕੀਲ ਹਰਪਾਲ ਸਿੰਘ ਖਾਰਾ ਨੇ ਡੇਰਾ ਬਾਬਾ ਨਾਨਕ ਦੇ ਹੜ੍ਹ ਪ੍ਰਭਾਵਿਤ ਇਲਾਕੇ 'ਚ ਪੀੜਤ ਲੋਕਾਂ ਦੀ ਸਹਾਇਤਾ ਕਰਦਿਆਂ ਕਿਹਾ ਕਿ ਲੋਕ ਜਾਂ ਸੰਸਥਾਵਾਂ ਹੜ੍ਹ ਪੀੜਤ ਲੋਕਾਂ ਤੱਕ ਕੋਈ ਵੀ ਮਦਦ ਸਿੱਧੀ ਪਹੁੰਚਦੀ ਕਰਨ |ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਕੁਝ ਹਿੱਸੇ ਦੇ ਲੋਕਾਂ 'ਤੇ ਪਈ ਹੜ੍ਹਾਂ ਦੀ ਮਾਰ ਦੌਰਾਨ ਸਮੁੱਚਾ ਪੰਜਾਬ ਉਨ੍ਹਾਂ ਦੇ ਨਾਲ ਡਟ ਕੇ ਖੜਾ ਹੈ ਤੇ ਸੂਬੇ ਦੇ ਸਾਰੇ ਵਰਗਾਂ ਨੇ ਇੱਕਜੁੱਟਤਾ ਦਾ ਮੁੜ ਸਬੂਤ ਦਿੱਤਾ ਹੈ ਤੇ ਇਹੀ ਰੰਗਲੇ ਪੰਜਾਬ ਦੀ ਅਸਲ ਤਸਵੀਰ ਹੈ | ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਪੰਜਾਬ 'ਤੇ ਕਈ ਤਰ੍ਹਾਂ ਦੀਆਂ ਮਾਰਾਂ ਅਤੇ ਆਫ਼ਤਾਂ ਪਈਆਂ ਹਨ, ਪਰ ਹਮੇਸ਼ਾ ਪੰਜਾਬ ਹੋਰ ਮਜ਼ਬੂਤ ਹੋ ਕੇ ਉੱਭਰਿਆ ਹੈ ਤੇ ਹੁਣ ਇਨ੍ਹਾਂ ਹੜ੍ਹਾਂ ਦੀ ਮਾਰ ਤੋਂ ਵੀ ਪੰਜਾਬ ਦੇ ਲੋਕ ਪਹਿਲਾਂ ਨਾਲੋਂ ਹੋਰ ਤਕੜੇ ਹੋ ਕੇ ਨਿਕਲਣਗੇ | ਹਰਪਾਲ ਸਿੰਘ ਖਾਰਾ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਤੁਰੰਤ ਪੀੜਤ ਲੋਕਾਂ ਲਈ ਵਿਸ਼ੇਸ਼ ਆਰਥਿਕ ਪੈਕੇਜ ਦਾ ਐਲਾਨ ਕਰਨ ਅਤੇ ਸਬੰਧਿਤ ਲੋਕਾਂ ਤੱਕ ਰਾਸ਼ੀ ਸਿੱਧੀ ਪਹੁੰਚਾਈ ਜਾਵੇ ਅਤੇ ਉਨ੍ਹਾਂ ਦੇ ਮੁੜ ਵਸੇਬੇ ਦੇ ਪ੍ਰਬੰਧ ਕੀਤੇ ਜਾਣ | ਇਸ ਮੌਕੇ ਉਨ੍ਹਾਂ ਦੇ ਨਾਲ ਐਡਵੋਕੇਟ ਰਜਨੀਸ਼ ਰਾਮਪਾਲ, ਐਡਵੋਕੇਟ ਰਣਜੋਧ ਸਿੰਘ ਭੁੱਲਰ ਤੇ ਜਗਮੋਹਨ ਸਿੰਘ ਆਦਿ ਮੌਜੂਦ ਸਨ |