ਤਲਵੰਡੀ ਸਾਬੋ, 5 ਸਤੰਬਰ (ਰਣਜੀਤ ਸਿੰਘ ਰਾਜੂ)- ਕਲਗ਼ੀਧਰ ਟਰੱਸਟ ਬੜੂੰ ਸਾਹਿਬ ਦੇ ਪ੍ਰਬੰਧਕਾਂ ਦੀ ਮੌਜੂਦਗੀ ਅਤੇ ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਸਹਿਯੋਗ ਸਦਕਾ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਕੰਪਲੈਕਸ ਦੁਆਲੇ ਵੱਡੀ ਗਿਣਤੀ 'ਚ ਅੰਬਾਂ ਦੇ ਬੂਟੇ ਲਗਾਏ ਗਏ ਅਤੇ ਬੂਟੇ ਲਗਾਉਣ ਦੀ ਰਸਮੀ ਆਰੰਭਤਾ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਨੇ ਬੂਟਾ ਲਗਾ ਕੇ ਕੀਤੀ | ਤਖਤ ਸਾਹਿਬ ਦੇ ਪੰਜ ਪਿਆਰਿਆਂ ਤੇ ਹੋਰ ਧਾਰਮਿਕ ਸ਼ਖ਼ਸੀਅਤਾਂ ਦੀ ਮੌਜੂਦਗੀ 'ਚ ਮੂਲ ਮੰਤਰ ਦਾ ਜਾਪ ਕਰਦਿਆਂ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਨੇ ਪਹਿਲਾ ਅੰਬ ਦਾ ਬੂਟਾ ਲਗਾਇਆ | ਬੂਟੇ ਲਗਾਉਣ ਦੀ ਰਸਮ ਉਪਰੰਤ ਗੱਲਬਾਤ ਕਰਦਿਆਂ ਸਿੰਘ ਸਾਹਿਬ ਜਥੇਦਾਰ ਬਾਬਾ ਟੇਕ ਸਿੰਘ ਨੇ ਕਿਹਾ ਕਿ ਗੁਰੂ ਸਾਹਿਬਾਨ ਨੇ ਵੀ ਸਾਨੂੰ ਵਾਤਾਵਰਨ ਦੀ ਸਾਂਭ ਸੰਭਾਲ ਦਾ ਹੋਕਾ ਦਿੱਤਾ ਹੈ ਅਤੇ ਅੱਜ ਜਦੋਂ ਵਾਤਾਵਰਨ 'ਚ ਤਬਦੀਲੀਆਂ ਕਰਕੇ ਅਸੀਂ ਭਾਰੀ ਨੁਕਸਾਨ ਉਠਾ ਰਹੇ ਹਾਂ ਤਾਂ ਸਮੇਂ ਦੀ ਮੰਗ ਹੈ ਕਿ ਵਾਤਾਵਰਨ ਬਚਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਏ ਜਾਣ | ਇਸ ਮੌਕੇ ਕਲਗ਼ੀਧਰ ਟਰੱਸਟ ਦੇ ਭਾਈ ਜਗਜੀਤ ਸਿੰਘ ਕਾਕਾ ਵੀਰਜੀ ਨੇ ਕਿਹਾ ਕਿ ਸੰਸਥਾ ਵੱਲੋਂ ਜਿੱਥੇ ਵਿੱਦਿਆ ਦਾ ਪ੍ਰਚਾਰ ਪ੍ਰਸਾਰ ਕਰਦਿਆਂ ਵੱਡੀ ਪੱਧਰ ਤੇ ਅਕੈਡਮੀਆਂ, ਕਾਲਜ ਤੇ ਯੂਨੀਵਰਸਿਟੀਆਂ ਦੀ ਸਥਾਪਨਾ ਕੀਤੀ ਗਈ ਹੈ ਉੱਥੇ ਵਾਤਾਵਰਨ ਦੀ ਸਾਂਭ ਸੰਭਾਲ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਹੈ ਅਤੇ ਅੱਜ ਬੂਟੇ ਲਗਾਉਣ ਦੀ ਇਹ ਪ੍ਰਕਿ੍ਆ ਉਸੇ ਮੁਹਿੰਮ ਦਾ ਹਿੱਸਾ ਹੈ ਜਿਸ ਤਹਿਤ ਤਖਤ ਸਾਹਿਬ ਕੰਪਲੈਕਸ ਦੁਆਲੇ 100 ਅੰਬ ਦੇ ਬੂਟੇ ਲਗਾਏ ਜਾਣੇ ਹਨ |ਇਸ ਮੌਕੇ ਜਥੇਦਾਰ ਬਾਬਾ ਟੇਕ ਸਿੰਘ ਨੇ ਅਕਾਲ ਯੂਨੀਵਰਸਿਟੀ ਦੇ ਪ੍ਰਬੰਧਕਾਂ ਤੇ ਹੋਰਨਾਂ ਸ਼ਖ਼ਸੀਅਤਾਂ ਨੂੰ ਸਿਰੋਪਾਉ ਵੀ ਭੇਟ ਕੀਤੇ | ਬੂਟੇ ਲਗਾਉਣ ਸਮੇਂ ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਭਾਈ ਸੁਖਦੇਵ ਸਿੰਘ ਆਨੰਦਪੁਰ ਸਾਹਿਬ ਵਾਲੇ, ਜਥੇਦਾਰ ਮੋਹਨ ਸਿੰਘ ਬੰਗੀ ਮੈਂਬਰ ਸ਼੍ਰੋਮਣੀ ਕਮੇਟੀ, ਜਥੇਦਾਰ ਅਵਤਾਰ ਸਿੰਘ ਬਣਵਾਲਾ ਮੈਂਬਰ ਧਰਮ ਪ੍ਰਚਾਰ, ਗੁਰਬਿੰਦਰ ਸਿੰਘ ਬਰਾੜ ਓ.ਐੱਸ.ਡੀ ਬੀਬਾ ਹਰਸਿਮਰਤ ਕੌਰ ਬਾਦਲ, ਡਾ.ਗੁਰਮੇਲ ਸਿੰਘ ਉੱਪ ਕੁਲਪਤੀ ਅਕਾਲ ਯੂਨੀਵਰਸਿਟੀ, ਡਾ.ਸੁਖਜੀਤ ਸਿੰਘ ਡਾਇਰੈਕਟਰ, ਗੁਰਦੇਵ ਸਿੰਘ ਵਧੀਕ ਮੈਨੇਜਰ ਤਖਤ ਸਾਹਿਬ ਤੇ ਹੋਰ ਸ਼ਖ਼ਸੀਅਤਾਂ ਮੌਜੂਦ ਸਨ |