ਨਥਾਣਾ, 22 ਸਤੰਬਰ (ਗੁਰਦਰਸ਼ਨ ਲੁੱਧੜ)-ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ ਡਾ: ਜਗਦੀਸ਼ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਖੇਤੀਬਾੜੀ ਅਫ਼ਸਰ ਡਾ: ਜਸਕਰਨ ਸਿੰਘ ਕੁਲਾਰ ਦੀ ਅਗਵਾਈ ਵਿਚ ਖੇਤੀ ਮਾਹਿਰਾਂ ਵਲੋਂ ਪਿੰਡ ਸੇਮਾ ਵਿਖੇ ਕਿਸਾਨ ਸਿਖਲਾਈ ਕੈਂਪ ਲਾਇਆ ਗਿਆ | ਕਿਸਾਨਾਂ ਨੂੰ ਸੰਬੋਧਿਤ ਹੁੰਦਿਆਂ ਡਾ: ਕੁਲਾਰ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਖੇਤ ਵਿਚ ਹੀ ਜ਼ਜ਼ਬ ਕਰਨ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ, ਇਕ ਟਨ ਪਰਾਲੀ ਵਿਚ 5.5 ਕਿੱਲੋਗ੍ਰਾਮ ਨਾਈਟਰੋਜਨ 2.3 ਕਿੱਲੋਗ੍ਰਾਮ ਫਾਸਫੋਰਸ 25 ਕਿੱਲੋਗ੍ਰਾਮ ਪੋਟਾਸ਼ ਅਤੇ 400 ਕਿੱਲੋਗ੍ਰਾਮ ਜੈਵਿਕ ਕਾਰਬਨ ਹੁੰਦਾ ਹੈ ਜੋ ਕਿ ਅੱਗ ਲਾਉਣ ਨਾਲ ਸੜ ਕੇ ਖਤਮ ਹੋ ਜਾਂਦਾ ਹੈ | ਅੱਗ ਲਾਉਣ ਦੇ ਨੁਕਸਾਨਾਂ ਬਾਰੇ ਉਨ੍ਹਾਂ ਦੱਸਿਆ ਕਿ ਇਸ ਨਾਲ ਜ਼ਮੀਨ ਦੇ ਸੂਖਮ ਤੱਤ ਜੋ ਸਿਹਤਮੰਦ ਫ਼ਸਲ ਲਈ ਜ਼ਰੂਰੀ ਹੁੰਦੇ ਹਨ, ਖ਼ਤਮ ਹੋ ਜਾਂਦੇ ਹਨ, ਜ਼ਮੀਨ ਦੀ ਉਪਜਾਊ ਸ਼ਕਤੀ ਘੱਟਦੀ ਹੈ ਅਤੇ ਵਾਤਾਵਰਨ ਦੇ ਨਾਲ ਮਨੁੱਖੀ ਸਿਹਤ ਦਾ ਨੁਕਸਾਨ ਹੁੰਦਾ ਹੈ | ਉਨ੍ਹਾਂ ਕਿਸਾਨਾਂ ਨੂੰ ਪ੍ਰੇਰਿਆ ਕਿ ਇਸ ਵਾਰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਈ ਜਾਵੇ | ਡਾ: ਵਿਕਰਮਜੀਤ ਸਿੰਘ ਬਾਜਵਾ ਖੇਤੀਬਾੜੀ ਵਿਸਥਾਰ ਅਫ਼ਸਰ ਨੇ ਮਿੱਟੀ ਅਤੇ ਪਾਣੀ ਦੀ ਜਾਂਚ ਕਰਾਉਣ ਦੀ ਮਹੱਤਤਾ ਬਾਰੇ ਦੱਸਦਿਆਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਕਣਕ ਦੀ ਫ਼ਸਲ ਬੀਜਣ ਤੋਂ ਪਹਿਲਾਂ ਉਹ ਆਪਣੀ ਮਿੱਟੀ ਅਤੇ ਪਾਣੀ ਦੀ ਜਾਂਚ ਜ਼ਰੂਰ ਕਰਵਾਉਣ | ਮਾਹਿਰਾਂ ਨੇ ਝੋਨੇ ਦੀ ਫ਼ਸਲ ਵਿਚ ਕੀੜਿਆਂ ਅਤੇ ਬਿਮਾਰੀਆਂ ਦੇ ਲੱਛਣ ਅਤੇ ਉਨ੍ਹਾਂ ਦੀ ਰੋਕਥਾਮ ਬਾਰੇ ਤਕਨੀਕੀ ਜਾਣਕਾਰੀ ਦਿੱਤੀ | ਡਾ: ਸੁਖਪ੍ਰੀਤ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਨੇ ਕਿਸਾਨਾਂ ਨੂੰ ਨਰਮੇ ਦੀ ਫ਼ਸਲ ਵਿਚ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਦੇ ਲੱਛਣ ਅਤੇ ਰੋਕਥਾਮ ਬਾਰੇ ਜਾਣਕਾਰੀ ਦਿੱਤੀ | ਡਾ: ਜਗਦੀਪ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ, ਪਰਸ਼ੋਤਮ ਲਾਲ, ਸੁਖਪਾਲ ਸ਼ਰਮਾ (ਖੇਤੀਬਾੜੀ ਉਪ ਨਿਰੀਖਕ), ਹਰਵਿੰਦਰ ਸਿੰਘ ਸਹਾਇਕ ਟੈਕਨੋਲੋਜੀ ਮੈਨੇਜਰ ਅਤੇ ਸੁਖਪ੍ਰੀਤ ਸਿੰਘ ਬੇਲਦਾਰ ਨੇ ਵੀ ਕਿਸਾਨਾਂ ਨਾਲ ਲੋੜੀਂਦੇ ਵਿਸ਼ਿਆਂ 'ਤੇ ਵਿਚਾਰ ਵਟਾਂਦਰਾ ਕੀਤਾ |