ਤਲਵੰਡੀ ਸਾਬੋ, 22 ਸਤੰਬਰ (ਰਣਜੀਤ ਸਿੰਘ ਰਾਜੂ): ਅਦਾਲਤੀ ਹੁਕਮਾਂ ਅਨੁਸਾਰ ਤਨਖ਼ਾਹ ਲਾਗੂ ਕਰਵਾਉਣ ਲਈ 3704 ਅਧਿਆਪਕਾਂ ਦੇ ਇੱਕ ਵਫ਼ਦ ਨੇ ਅੱਜ ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕਾ ਬੀਬਾ ਬਲਜਿੰਦਰ ਕੌਰ ਨੂੰ ਇੱਕ ਮੰਗ ਪੱਤਰ ਸੌਂਪਿਆ | ਮੰਗ-ਪੱਤਰ ਦੇਣ ਵਾਲੇ ਅਧਿਆਪਕ ਆਗੂਆਂ ਨੇ ਦੱਸਿਆ ਕਿ ਪੰਜਾਬ ਦਾ ਪੇਅ ਸਕੇਲ ਲਾਗੂ ਕਰਵਾਉਣ ਲਈ ਉਨ੍ਹਾਂ ਨੇ ਅਦਾਲਤਾਂ ਦਾ ਦਰਵਾਜ਼ਾ ਖੜਕਾਇਆ ਤੇ ਮਾਣਯੋਗ ਸਰਬ ਉੱਚ ਅਦਾਲਤ ਤੱਕ ਪਹੁੰਚ ਕਰਕੇ ਪੰਜਾਬ ਸਰਕਾਰ ਵਲੋਂ ਥੋਪੇ 17-07-2020 ਦੇ ਨੋਟੀਫ਼ਿਕੇਸ਼ਨ ਤੋਂ ਛੁਟਕਾਰਾ ਪਾ ਲਿਆ ਅਤੇ ਮਾਣਯੋਗ ਅਦਾਲਤ ਨੇ ਵਿਭਾਗ ਨੂੰ ਨਿਯਮਾਂ ਮੁਤਾਬਿਕ ਤਨਖ਼ਾਹ ਜਾਰੀ ਕਰਨ ਦੀ ਹਦਾਇਤ ਕੀਤੀ | ਉਨ੍ਹਾਂ ਮੁਤਾਬਿਕ ਹੁਕਮਾਂ ਉਪਰੰਤ ਵਿਭਾਗ ਵਲੋਂ ਲਗਭਗ 20 ਜ਼ਿਲਿਆਂ ਦੇ ਅਧਿਆਪਕ ਦੀ ਸਹੀ ਤਨਖ਼ਾਹ ਤਾਂ ਜਾਰੀ ਕਰ ਦਿੱਤੀ ਗਈ ਪ੍ਰੰਤੂ ਤਿੰਨ ਜ਼ਿਲਿ੍ਹਆਂ ਮਾਨਸਾ, ਸੰਗਰੂਰ ਅਤੇ ਬਰਨਾਲਾ ਦੇ ਅਧਿਆਪਕਾਂ ਨੂੰ ਬਣਦਾ ਲਾਭ ਦੇਣ ਦੀ ਵਜਾਏ ਉਨ੍ਹਾਂ ਨੂੰ ਉਲਝਾਇਆ ਜਾ ਰਿਹੈ | ਉਨ੍ਹਾਂ ਵਲੋਂ ਆਪਣੇ ਨਾਲ ਹੋ ਰਹੇ ਧੱਕੇ ਤੋਂ ਜਾਣੂੰ ਕਰਵਾਉਣ ਲਈ ਪੰਜਾਬ ਸਰਕਾਰ ਦੇ ਵਿਧਾਇਕਾਂ ਤੇ ਮੰਤਰੀਆਂ ਨੂੰ ਮੰਗ-ਪੱਤਰ ਸੌਂਪਣ ਦੀ ਆਰੰਭੀ ਪ੍ਰਕਿਰਿਆ ਤਹਿਤ ਅੱਜ ਪੰਜਾਬ ਵਿਧਾਨ ਸਭਾ 'ਚ 'ਆਪ' ਦੀ ਚੀਫ਼ ਵਿ੍ਹਪ ਤੇ ਵਿਧਾਇਕਾ ਬਲਜਿੰਦਰ ਕੌਰ ਨੂੰ ਮੁੱਖ ਮੰਤਰੀ ਦੇ ਨਾਮ ਮੰਗ-ਪੱਤਰ ਸੌਂਪ ਕੇ ਬਣਦਾ ਹੱਕ ਦਿਵਾਉਣ ਦੀ ਅਪੀਲ ਕੀਤੀ ਗਈ ਹੈ | ਵਫ਼ਦ 'ਚ 3704 ਅਧਿਆਪਕ ਯੂਨੀਅਨ ਦੇ ਬਠਿੰਡਾ ਇਕਾਈ ਦੇ ਇੰਚਾਰਜ ਸੰਦੀਪ ਗਰਗ, ਬਲਾਕ ਤਲਵੰਡੀ ਸਾਬੋ ਦੇ ਇੰਚਾਰਜ ਕੁਲਦੀਪ ਸਿੰਘ ਗਿਆਨਾ, ਅਮਨਦੀਪ ਸਿੰਘ, ਨੇਵੀ ਮਹੇਸ਼ਵਰੀ, ਰਵਨੀਤ ਕੌਰ, ਪਵਨਦੀਪ ਕੌਰ ਆਦਿ ਸ਼ਾਮਿਲ ਰਹੇ | ਉਕਤ ਆਗੂਆਂ ਨੇ ਦੱਸਿਆ ਕਿ 24 ਸਤੰਬਰ ਨੂੰ ਉਨ੍ਹਾਂ ਵਲੋਂ ਸਰਕਾਰ ਵਿਰੁੱਧ ਮੋਹਾਲੀ ਤੋਂ ਚੰਡੀਗੜ੍ਹ ਤੱਕ ਵਿਸ਼ਾਲ ਵਿਰੋਧ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ |