ਬਠਿੰਡਾ, 23 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਪਿੰਡ ਕੋਠੇ ਨਾਥਪੁਰਾ ਦੇ ਵਿਦੇਸ਼ ਗਏ ਇਕ ਪਰਿਵਾਰ ਦੇ ਮਾਮਲੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਧਨੇਰ) ਵਲੋਂ ਅੱਜ ਮੁੜ ਸਥਾਨਕ ਅਜੀਤ ਰੋਡ 'ਤੇ ਸਥਿਤ ਇਕ ਇਮੀਗ੍ਰੇਸ਼ਨ ਏਜੰਸੀ ਦੇ ਦਫ਼ਤਰ ਮੂਹਰੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਦੌਰਾਨ ਕਿਸਾਨਾਂ ਦੇ ਰੋਹ ਨੂੰ ਦੇਖਦਿਆਂ ਆਖ਼ਰ ਏਜੰਸੀ ਨੇ ਬਣਦੀ ਰਕਮ ਦੇ ਕੇ ਖਹਿੜਾ ਛੁਡਵਾਇਆ ਤੇ ਕਈ ਘੰਟਿਆਂ ਬਾਅਦ ਕਿਸਾਨਾਂ ਨੇ ਏਜੰਸੀ ਦੇ ਦਫ਼ਤਰ ਮੂਹਰੋਂ ਧਰਨਾ ਖ਼ਤਮ ਕੀਤਾ | ਯੂਨੀਅਨ ਦੇ ਸੂਬਾ ਉੱਪ-ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਕੋਟਲੀ, ਜਨਰਲ ਸਕੱਤਰ ਜਗਦੇਵ ਸਿੰਘ ਲਹਿਰਾ ਤੇ ਪ੍ਰੈੱਸ ਸਕੱਤਰ ਗੁਰਦੀਪ ਸਿੰਘ ਨਾਥਪੁਰਾ ਨੇ ਦੱਸਿਆ ਕਿ ਉਕਤ ਇਮੀਗ੍ਰੇਸ਼ਨ ਏਜੰਸੀ ਨੇ ਸਾਲ 2023 'ਚ ਸਾਢੇ 27 ਲੱਖ ਰੁਪਏ ਲੈ ਕੇ ਪਿੰਡ ਨਾਥਪੁਰਾ ਦੇ ਇਕ ਪਰਿਵਾਰ ਦੀ ਨੂੰ ਹ ਤੇ ਪੁੱਤਰ ਨੂੰ ਯੂ.ਕੇ. ਭੇਜਿਆ ਸੀ, ਜਿੰਨ੍ਹਾਂ ਦਾ ਇਸ ਏਜੰਸੀ ਨੇ ਸਾਲ 2026 ਤੱਕ ਵੀਜ਼ਾ ਲੱਗਿਆ ਹੋਣ ਦਾ ਦਾਅਵਾ ਕੀਤਾ ਸੀ, ਪਰ ਉਨ੍ਹਾਂ ਦਾ ਵੀਜ਼ਾ ਕੁਝ ਸਮੇਂ ਬਾਅਦ ਹੀ ਰੱਦ ਹੋ ਗਿਆ ਸੀ ਤੇ ਉਕਤ ਪਰਿਵਾਰ ਨੂੰ ਮੁੜ 22 ਲੱਖ ਰੁਪਏ ਖ਼ਰਚ ਕਰਕੇ ਵੀਜ਼ਾ ਲੈਣਾ ਲਈ ਮਜਬੂਰ ਹੋਣਾ ਪਿਆ, ਪਰ ਉਕਤ ਏਜੰਸੀ ਨੇ ਕੋਈ ਸੁਣਵਾਈ ਨਹੀਂ ਕੀਤੀ | ਕਿਸਾਨ ਆਗੂਆਂ ਨੇ ਦੱਸਿਆ ਕਿ ਪੀੜਤ ਪਰਿਵਾਰ ਦੇ ਆਰਥਿਕ ਨੁਕਸਾਨ ਦੀ ਭਰਪਾਈ ਲਈ ਉਨ੍ਹਾਂ ਦੀ ਜਥੇਬੰਦੀ ਨੇ ਅੱਜ ਏਜੰਸੀ ਮੂਹਰੇ ਪੱਕਾ ਮੋਰਚਾ ਲਗਾਉਣ ਦਾ ਪ੍ਰੋਗਰਾਮ ਉਲੀਕਿਆ ਸੀ, ਜਿਸ ਤਹਿਤ ਏਜੰਸੀ ਮੂਹਰੇ ਧਰਨਾ ਲਗਾ ਕੇ ਕਰੀਬ ਚਾਰ-ਪੰਜ ਘੰਟੇ ਰੋਸ ਪ੍ਰਦਰਸ਼ਨ ਕੀਤਾ ਗਿਆ | ਉਨ੍ਹਾਂ ਕਿਹਾ ਕਿ ਇਸ ਦੌਰਾਨ ਆਖ਼ਰ ਇਮੀਗ੍ਰੇਸ਼ਨ ਏਜੰਸੀ ਨੇ ਕਿਸਾਨਾਂ ਦੇ ਰੋਹ ਨੂੰ ਦੇਖਦਿਆਂ ਪੀੜਤ ਪਰਿਵਾਰ ਨੂੰ ਬਣਦੀ ਰਕਮ ਦੀ ਭਰਪਾਈ ਕੀਤੀ ਗਈ, ਜਿਸ ਤੋਂ ਬਾਅਦ ਦੋਵੇਂ ਧਿਰਾਂ ਵਿਚਕਾਰ ਸਮਝੌਤਾ ਹੋ ਗਿਆ ਤੇ ਯੂਨੀਅਨ ਵਲੋਂ ਏਜੰਸੀ ਦੇ ਦਫ਼ਤਰ ਮੂਹਰੋਂ ਰੋਸ ਧਰਨਾ ਖ਼ਤਮ ਕਰ ਦਿੱਤਾ ਗਿਆ |
ਇਮੀਗ੍ਰੇਸ਼ਨ ਏਜੰਸੀ ਦੇ ਦਫ਼ਤਰ ਮੂਹਰੇ ਮੁੜ ਗਰਜੈ ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਧਨੇਰ) ਦੇ ਕਾਰਕੁੰਨ
ਅਜੀਤ ਡੈਸਕ
24-09-2025