ਸੰਗਤ ਮੰਡੀ, 23 ਸਤੰਬਰ (ਅੰਮਿ੍ਤਪਾਲ ਸ਼ਰਮਾ)-ਸੰਗਤ ਮੰਡੀ ਵਿਖੇ ਪੰਜਾਬ ਐਂਡ ਸਿੰਧ ਬੈਂਕ ਦੇ ਗਾਹਕ ਬਹਾਦਰ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਪਿੰਡ ਸੰਗਤ ਕਲਾਂ ਵਲੋਂ ਬੈਂਕ ਮੈਨੇਜਰ ਅਤੇ ਸੁਰੱਖਿਆ ਗਾਰਡ ਵਿਰੁੱਧ ਬਦ-ਸਲੂਕੀ ਦੇ ਦੋਸ਼ ਲਗਾਏ ਹਨ | ਬਹਾਦਰ ਸਿੰਘ ਨੇ ਦੱਸਿਆ ਕਿ ਉਸ ਦਾ ਪੰਜਾਬ ਐਂਡ ਸਿੰਧ ਬੈਂਕ ਬ੍ਰਾਂਚ ਸੰਗਤ ਮੰਡੀ ਵਿਖੇ ਖਾਤਾ ਹੈ, ਜਿਸ ਤੋਂ ਪਹਿਲਾਂ ਵੀ ਉਨ੍ਹਾਂ ਕਈ ਵਾਰ ਕਰਜ਼ਾ ਲੈ ਕੇ ਚੁੱਕਤਾ ਕੀਤਾ ਹੈ ਅਤੇ ਹੁਣ ਉਸ ਵੱਲ ਬੈਂਕ ਦਾ ਕੋਈ ਵੀ ਕਰਜ਼ਾ ਬਾਕੀ ਨਹੀਂ ਹੈ | ਉਨ੍ਹਾਂ ਦੱਸਿਆ ਕਿ ਹੁਣ ਥੋੜ੍ਹੇ ਜਿਹੇ ਕਰਜ਼ੇ ਖਾਤਰ ਜਦੋਂ ਬ੍ਰਾਂਚ ਮੈਨੇਜਰ ਹਰਸਕਿੰਦਰ ਨਾਲ ਸੰਪਰਕ ਕਰਕੇ ਕਰਜ਼ੇ ਦੀ ਮੰਗ ਕੀਤੀ ਤਾਂ ਉਨ੍ਹਾਂ ਕਰਜ਼ਾ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਪ੍ਰੰਤੂ ਦੂਜੀ ਵਾਰ ਉਹ ਪਤਨੀ ਸਮੇਤ ਮੁੜ ਮੈਨੇਜਰ ਨੂੰ ਮਿਲੇ ਅਤੇ ਖਾਤੇ ਦੀ ਪੜ੍ਹਤਾਲ ਲਈ ਕਿਹਾ ਤਾਂ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ ਗਈ ਅਤੇ ਗੁੱਸੇ 'ਚ ਵਾਪਸ ਮੋੜ ਦਿੱਤਾ | ਬਹਾਦਰ ਸਿੰਘ ਨੇ ਦੱਸਿਆ ਕਿ ਜਦੋਂ ਉਸ ਨੇ ਕਿਸੇ ਪ੍ਰਾਈਵੇਟ ਅਦਾਰੇ ਤੋਂ ਕਰਜ਼ਾ ਲੈ ਲਿਆ ਤਾਂ ਉਸ ਦੇ ਖਾਤੇ 'ਚ ਪਾਏ ਪੈਸੇ ਪੰਜਾਬ ਐਂਡ ਸਿੰਧ ਬੈਂਕ ਬ੍ਰਾਂਚ ਸੰਗਤ ਮੰਡੀ 'ਚ ਆਏ ਲੈਣ ਗਿਆ ਤਾਂ ਮੈਨੇਜਰ ਨੇ ਪੈਸੇ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਅਤੇ ਸੁਰੱਖਿਆ ਗਾਰਡ ਨੂੰ ਬੁਲਾ ਕੇ ਧੱਕੇ ਮਾਰ ਕੇ ਉਸ ਬੈਂਕ ਵਿਚੋਂ ਬਾਹਰ ਕੱਢਵਾ ਦਿੱਤਾ | ਉਨ੍ਹਾਂ ਬੈਂਕ ਦੇ ਉਚ-ਅਧਿਕਾਰੀਆਂ ਤੋਂ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ | ਇਸ ਬਾਰੇ ਜਦੋਂ ਬ੍ਰਾਂਚ ਮੈਨੇਜਰ ਹਰਸਕਿੰਦਰ ਤੋਂ ਪਤਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਮਨ੍ਹਾਂ ਕਰਨ ਦੇ ਬਾਅਦ ਵੀ ਉਹ ਵਾਰ-ਵਾਰ ਕਰਜ਼ੇ ਦੀ ਮੰਗ ਕਰ ਰਹੇ ਸਨ ਅਤੇ ਉੱਚੀ ਬੋਲਣ ਕਾਰਨ ਉਨ੍ਹਾਂ ਨੂੰ ਬੈਂਕ ਤੋਂ ਬਾਹਰ ਕੱਢਿਆ ਗਿਆ ਪ੍ਰੰਤੂ ਕਿਸੇ ਨੇ ਵੀ ਧੱਕੇ ਨਹੀਂ ਮਾਰੇ |