ਬਠਿੰਡਾ, 26 ਸਤੰਬਰ (ਰੋਮਾਣਾ): ਜ਼ਿਲ੍ਹਾ ਸਿਹਤ ਵਿਭਾਗ ਦੀ ਫੂਡ ਸੇਫ਼ਟੀ ਟੀਮ ਵਲੋਂ ਤਿਉਹਾਰਾਂ ਦੇ ਮੱਦੇਨਜ਼ਰ ਮਿਲਾਵਟੀ ਵਸਤੂਆਂ 'ਤੇ ਨੱਥ ਪਾਉਣ ਲਈ ਚੈਕਿੰਗ ਸ਼ੁਰੂ ਕੀਤੀ ਗਈ ਹੈ | ਇਸ ਮੌਕੇ ਸਹਾਇਕ ਫੂਡ ਕਮਿਸ਼ਨਰ ਅੰਮਿ੍ਤਪਾਲ ਸਿੰਘ ਸੋਢੀ ਨੇ ਦੱਸਿਆ ਕਿ ਉਨ੍ਹਾਂ ਦੇ ਟੀਮ ਮੈਂਬਰ ਐਫਐਸਓ ਸੁਧੀਰ ਸਿੰਗਲਾ, ਐਫਐਸਓ ਨਵਦੀਪ ਸਿੰਘ, ਐਫਐਸਓ ਦਿਵੀਆ ਗੋਸਵਾਮੀ ਦੁਆਰਾ ਰਾਮਾ ਮੰਡੀ ਅਤੇ ਬਠਿੰਡਾ ਤੋਂ ਖਾਣ-ਪੀਣ ਵਾਲੀਆਂ ਵਸਤੂਆਂ ਜਿਵੇਂ ਕਿ ਦੁੱਧ, ਕੁਕਿੰਗ ਤੇਲ, ਪਨੀਰ, ਸਬਜ਼ੀਆਂ ਦੇ 18 ਨਮੂਨੇ ਲਏ ਗਏ ਹਨ | ਇਨ੍ਹਾਂ ਨਮੂਨਿਆਂ ਨੂੰ ਖਰੜ ਲੈਬ ਵਿਚ ਭੇਜਿਆ ਜਾਵੇਗਾ | ਜੇਕਰ ਇਸ ਵਿਚ ਮਿਲਾਵਟ ਹੁੰਦੀ ਹੈ, ਤਾਂ ਉਕਤ ਦੁਕਾਨਦਾਰ ਅਤੇ ਹੋਟਲ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਤਿਊਹਾਰਾਂ ਮੌਕੇ ਲੋਕਾਂ ਵਲੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਜਾਂਦੀ ਹੈ | ਜਿਸ ਤੋਂ ਬਾਦ ਉਨ੍ਹਾਂ ਦੀਆਂ ਟੀਮਾਂ ਵਲੋਂ ਮੌਕੇ 'ਤੇ ਪਹੁੰਚ ਕੇ ਨਮੂਨੇ ਲਏ ਜਾਂਦੇ ਹਨ | ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਤਿਊਹਾਰਾਂ ਦੇ ਮੱਦੇਨਜ਼ਰ ਉਨ੍ਹਾਂ ਦੀਆਂ ਟੀਮਾਂ ਵਲੋਂ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ, ਤਾਂ ਜੋ ਮਿਲਾਵਟੀ ਮਿਠਾਈਆਂ ਅਤੇ ਖਾਣ-ਪੀਣ ਵਾਲੀਆਂ ਵਸਤੂਆਂ 'ਤੇ ਨੱਥ ਪਾਈ ਜਾ ਸਕੇ | ਅੰਮਿ੍ਤਪਾਲ ਸਿੰਘ ਸੋਢੀ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ ਇਕ ਖਾਣ-ਪੀਣ ਵਾਲੀਆਂ ਵਸਤੂਆਂ ਦੀ ਜਾਂਚ ਕਰਨ ਲਈ ਵੈਨ ਵੀ ਚਲਾਈ ਗਈ ਹੈ, ਜੋ ਕਿ ਰੋਜ਼ਾਨਾ ਸ਼ਹਿਰ ਅਤੇ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਜਾਗਰੂਕ ਵੀ ਕਰ ਰਹੀ ਹੈ |