ਬਠਿੰਡਾ, 26 ਸਤੰਬਰ (ਸਿਵੀਆਂ)- ਬਠਿੰਡਾ-ਮਲੋਟ ਰੋਡ 'ਤੇ ਪਿੰਡ ਬਹਿਮਣ ਦੀਵਾਨਾ ਵਿਖੇ ਸਥਿਤ ਰਿਜਨਲ ਗਰੁੱਪ ਆਫ਼ ਕਾਲਜਿਜ ਵਿਖੇ ਸਾਲ 2025-26 ਦੇ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ਕਾਲਜ ਦੇ ਵਿਹੜੇ 'ਚ ਧਾਰਮਿਕ ਸਮਾਗਮ ਕਰਵਾ ਕੀਤੀ ਗਈ | ਇਸ ਮੌਕੇ ਕਾਲਜ ਦੇ ਪ੍ਰਬੰਧਕਾਂ, ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਹਮੇਸ਼ਾ ਵਾਂਗ ਗੁਰੂ ਦਾ ਓਟ-ਆਸਰਾ ਲੈਂਦੇ ਹੋਏ ਕਾਲਜ ਵਿਖੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ ਤੇ ਕਥਾ ਵਾਚਕ ਜਥੇ ਵਲੋਂ ਵਿਦਿਆਰਥੀਆਂ ਨੂੰ ਗੁਰਬਾਣੀ ਨਾਲ ਜੁੜਨ, ਨਸ਼ਿਆਂ ਤੋਂ ਦੂਰ ਰਹਿਣ ਅਤੇ ਉਚੇਰੀ ਸਿੱਖਿਆ ਗ੍ਰਹਿਣ ਕਰਨ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਕਾਲਜ ਦੇ ਚੇਅਰਮੈਨ ਗੁਰਲਾਭ ਸਿੰਘ ਸਿੱਧੂ, ਮੈਨੇਜਿੰਗ ਡਾਇਰੈਕਟਰ ਸੁਖਰਾਜ ਸਿੰਘ ਸਿੱਧੂ, ਬਲਵੰਤ ਸਿੰਘ ਸਿੱਧੂ ਤੇ ਕਾਲਜ ਪਿ੍ੰਸੀਪਲ ਡਾ.ਜਸਵਿੰਦਰ ਸਿੰਘ ਸਿੱਧੂ ਸਮੇਤ ਸਮੂਹ ਸਟਾਫ਼ ਤੇ ਵਿਦਿਆਰਥੀ ਨਤਮਸਤਕ ਹੋਏ | ਪਿ੍ੰਸੀਪਲ ਡਾ. ਜਸਵਿੰਦਰ ਸਿੰਘ ਸੰਧੂ ਨੇ ਕਾਲਜ ਦੇ ਵਿਦਿਆਰਥੀਆਂ ਅਤੇ ਸਮੂਹ ਸਟਾਫ਼ (ਟੀਚਿੰਗ ਤੇ ਨਾਨ ਟੀਚਿੰਗ) ਨੂੰ ਨਵੇਂ ਵਿੱਦਿਅਕ ਸੈਸ਼ਨ ਦੀ ਮੁਬਾਰਕ ਦਿੰਦੇ ਹੋਏ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਉਨਾਂ ਦਾ ਅਦਾਰਾ ਹਮੇਸ਼ਾ ਹੀ ਉਚ-ਦਰਜੇ ਦੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਇਕ ਚੰਗੇ ਨਾਗਰਿਕ ਬਣਨ ਲਈ ਸਮਾਜਿਕ ਕਦਰਾਂ-ਕੀਮਤੀ, ਰੀਤੀ-ਰਿਵਾਜ ਤੇ ਆਪਣੇ ਸੱਭਿਆਚਾਰ ਤੇ ਵਿਰਸੇ ਨਾਲ ਜੋੜੀ ਰੱਖਣ ਲਈ ਉਪਰਾਲੇ ਸਮੇਂ-ਸਮੇਂ 'ਤੇ ਜਾਰੀ ਰੱਖਦਾ ਹੈ | ਕਾਲਜ ਦੇ ਬਹੁਤ ਹੀ ਵਧੀਆ ਮਾਹੌਲ 'ਚ ਵਿੱਦਿਆ ਹਾਸਲ ਕਰਕੇ ਕਾਲਜ ਦੇ ਸੈਂਕੜੇ ਨੌਜਵਾਨ-ਮੁੰਡੇ ਕੁੜੀਆਂ ਅੱਜ ਸਮਾਜ ਦੇ ਵੱਖ-ਵੱਖ ਖੇਤਰਾਂ 'ਚ ਸੇਨਾ ਨਿਭਾ ਰਹੇ ਹਨ ਤੇ ਇਸੇ ਤਰ੍ਹਾਂ ਅਦਾਰਾ ਤੁਹਾਡੇ ਇੱਥੋਂ ਵਿੱਦਿਆ ਹਾਸਲ ਕਰਕੇ ਉੱਚ-ਦਰਜੇ ਦੇ ਮੁਕਾਮ ਹਾਸਲ ਕਰਨ ਦੀ ਕਾਮਨਾ ਕਰਦਾ ਹੈ |