ਭਗਤਾ ਭਾਈਕਾ, 27 ਸਤੰਬਰ (ਸੁਖਪਾਲ ਸਿੰਘ ਸੋਨੀ)-ਇਹ ਕੇਵਲ ਸ਼ਹਿਰ ਦੀ ਜੰਮਪਲ ਪ੍ਰਭਨੂਰ ਕੌਰ ਬਰਾੜ ਅਤੇ ਉਸ ਦੇ ਪਰਿਵਾਰ ਹੀ ਨਹੀਂ ਬਲਕਿ ਪੂਰੇ ਇਲਾਕੇ ਲਈ ਮਾਣ ਵਾਲੀ ਗੱਲ ਹੈ ਕਿ ਉਸ ਦੀ ਚੋਣ ਕੈਨੇਡਾ ਦੀ ਪ੍ਰਸਿੱਧ ਰਾਇਲ ਕੈਨੇਡੀਅਨ ਮਾਊਾਟਿਡ ਪੁਲਿਸ ਲਈ ਹੋਈ ਹੈ | ਬਰਾੜ ਪਰਿਵਾਰ ਦੇ ਸਨੇਹੀਆਂ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ | ਪ੍ਰਭਨੂਰ ਦੇ ਪਿਤਾ ਡਾ: ਕੁਲਜੀਤ ਸਿੰਘ ਅਤੇ ਮਾਤਾ ਰਾਜਨਦੀਪ ਕੌਰ ਵਲੋਂ ਉਸ ਦੀ ਸਫ਼ਲਤਾ 'ਤੇ ਖ਼ਾਸ ਖੁਸ਼ੀ ਜਤਾਈ ਗਈ | ਸ. ਬਰਾੜ ਨੇ ਦੱਸਿਆ ਕਿ ਬਚਪਨ ਤੋਂ ਹੀ ਪ੍ਰਭਨੂਰ ਦਾ ਸੁਪਨਾ ਸੀ ਕਿ ਉਹ ਪੁਲਿਸ ਵਿਭਾਗ ਵਿਚ ਭਰਤੀ ਹੋਏ | ਪਰਿਵਾਰ ਦੇ ਵਿਦੇਸ਼ ਜਾਣ ਦਾ ਫੈਸਲਾ ਵੀ ਉਸ ਦੀ ਦਿ੍ੜ੍ਹਤਾ ਨੂੰ ਦਬਾ ਨਹੀਂ ਸਕਿਆ | ਕੈਨੇਡਾ ਜਾਣ ਤੋਂ ਬਾਅਦ ਉਸ ਨੇ ਲਗਾਤਾਰ ਮਿਹਨਤ ਕੀਤੀ, ਆਪਣੇ ਸੁਪਨੇ ਨੂੰ ਹਕੀਕਤ ਬਣਾਇਆ ਅਤੇ ਇਸ ਮਹੱਤਵਪੂਰਨ ਮੁਕਾਮ 'ਤੇ ਪਹੁੰਚੀ | ਇਸ ਪ੍ਰਾਪਤੀ 'ਤੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਪ੍ਰਭਨੂਰ ਦੀ ਸਫ਼ਲਤਾ 'ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਮੈਂ ਪ੍ਰਭਨੂਰ ਦੀ ਕੈਨੇਡਾ ਦੀ ਇਸ ਵੱਕਾਰੀ ਚੋਣ 'ਤੇ ਪਰਿਵਾਰ ਨੂੰ ਦਿਲੋਂ ਵਧਾਈ ਦਿੰਦਾ ਹਾਂ | ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਮਲੂਕਾ ਨੇ ਵੀ ਪ੍ਰਭਨੂਰ ਨੂੰ ਵਿਸ਼ੇਸ਼ ਵਧਾਈ ਦਿੰਦੇ ਕਿਹਾ ਕਿ ਇਹ ਸਿਰਫ਼ ਉਸ ਦੀ ਮਿਹਨਤ ਦਾ ਨਤੀਜਾ ਹੋਣ ਦੇ ਨਾਲ ਨਾਲ ਹੋਰਨਾਂ ਲੜਕੀਆਂ ਲਈ ਵੀ ਪ੍ਰੇਰਣਾ ਹੈ | ਇਸ ਮੌਕੇ ਮਨਜੀਤ ਸਿੰਘ ਧੁੰਨਾਂ, ਰਾਕੇਸ਼ ਕੁਮਾਰ ਗੋਇਲ, ਗਗਨਦੀਪ ਸਿੰਘ ਗਰੇਵਾਲ, ਜਗਮੋਹਨ ਲਾਲ ਗਰਗ, ਸੁਖਚੈਨ ਸਿੰਘ ਪਿੰਟੂ ਜਲਾਲ, ਸੁਖਜਿੰਦਰ ਸਿੰਘ ਖਾਨਦਾਨ, ਡਾ. ਹਰਜਿੰਦਰ ਸਿੰਘ ਹਮੀਰਗੜ੍ਹ, ਸਾ: ਸਰਪੰਚ ਰਾਮ ਸਿੰਘ ਬਾਦਲ, ਸਾ: ਸਰਪੰਚ ਇੰਦਰਜੀਤ ਸਿੰਘ ਜੱਗਾ, ਲਖਵੀਰ ਸਿੰਘ ਮੌੜ, ਮੰਦਰ ਸਿੰਘ ਕੋਇਰ ਸਿੰਘ ਵਾਲਾ, ਅਜੀਤ ਸਿੰਘ ਬੱਬੂ ਭਾਈਕਾ, ਗੌਰਵ ਕੁਮਾਰ ਸ਼ਰਮਾ ਨੇ ਵੀ ਬਰਾੜ ਪਰਿਵਾਰ ਨੂੰ ਵਧਾਈ ਦਿੱਤੀ |