ਬਠਿੰਡਾ, 28 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਭਾਰਤ ਦੇ ਮਹਾਨ ਸਪੂਤ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਤੇ ਸਾਥੀਆਂ ਵਲੋਂ ਵੇਖੇ ਸੁਫ਼ਨਿਆਂ ਵਾਲੇ ਸਮਾਜ ਦੀ ਸਿਰਜਣਾ ਹੀ ਸ਼ਹੀਦਾਂ ਨੂੰ ਅਸਲ ਸ਼ਰਧਾਂਜਲੀ ਹੋਵੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਗੁਰਪ੍ਰੀਤ ਸਿੰਘ ਮਲੂਕਾ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ 'ਤੇ ਸਾਥੀਆਂ ਸਮੇਤ ਸ਼ਰਧਾ ਸੁਮਨ ਭੇਟ ਕਰਨ ਉਪਰੰਤ ਕੀਤਾ | ਜ਼ਿਕਰਯੋਗ ਹੈ ਕਿ ਗੁਰਪ੍ਰੀਤ ਸਿੰਘ ਮਲੂਕਾ ਦੋ ਦਹਾਕਿਆਂ ਤੋਂ ਹਰ ਸਾਲ ਭਗਤ ਸਿੰਘ ਦੇ ਜਨਮ ਦਿਨ 'ਤੇ ਆਰੀਆ ਸਮਾਜ ਚੌਕ 'ਚ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸਮਾਰਕ 'ਤੇ ਸ਼ਰਧਾਂਜਲੀ ਭੇਟ ਕਰਨ ਉਪਰੰਤ ਵੱਡੇ ਕਾਫ਼ਲੇ ਨਾਲ ਹੁਸੈਨੀਵਾਲਾ ਸ਼ਹੀਦੀ ਸਮਾਰਕ 'ਤੇ ਨਤਮਸਤਕ ਹੋਣ ਜਾਂਦੇ ਹਨ | ਮਲੂਕਾ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਤੇ ਕਈ ਹੋਰ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਅਸੀਂ ਅੱਜ ਆਜ਼ਾਦੀ ਦਾ ਨਿੱਘ ਮਾਨ ਰਹੇ ਹਾਂ | ਸ਼ਹੀਦਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਨਾਲ-ਨਾਲ ਸੰਪੂਰਨ ਸਵਰਾਜ ਵਾਲੇ ਸਮਾਜ ਦਾ ਸੁਫ਼ਨਾ ਵੇਖਿਆ ਸੀ, ਦੇਸ਼ ਦੀ ਆਜ਼ਾਦੀ ਲਈ ਕੀਮਤੀ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਦੇ ਸੁਫ਼ਨੇ ਪੂਰੇ ਕਰਨ ਲਈ ਹਰ-ਇਕ ਨੂੰ ਆਪਣਾ ਯੋਗਦਾਨ ਪਾਉਣ ਦੀ ਲੋੜ ਹੈ | ਵਿਸ਼ੇਸ਼ ਕਰਕੇ ਨੌਜਵਾਨ ਵਰਗ ਨੂੰ ਸ਼ਹੀਦ ਭਗਤ ਸਿੰਘ ਦੀ ਸੋਚ 'ਤੇ ਪਹਿਰਾ ਦੇਣਾ ਚਾਹੀਦਾ ਹੈ | ਨਸ਼ਾ ਰਹਿਤ ਤੰਦਰੁਸਤ ਨਿਰੋਏ ਸਮਾਜ ਦੀ ਸਿਰਜਣਾ ਹੀ ਸ਼ਹੀਦਾਂ ਨੂੰ ਅਸਲੀ ਸ਼ਰਧਾਂਜਲੀ ਹੋਵੇਗੀ | ਇਸ ਮੌਕੇ ਸੇਵਾ ਮੁਕਤ ਜੰਗਲਾਤ ਅਫ਼ਸਰ ਗੁਰਪਾਲ ਸਿੰਘ ਢਿੱਲੋਂ, ਮੇਜਰ ਸਿੰਘ ਬਰਾੜ, ਗੁਰਪ੍ਰੀਤ ਸਿੰਘ ਤਰਖਾਣਵਾਲਾ, ਬੂਟਾ ਸਿੰਘ ਭਾਈਰੂਪਾ, ਗੁਰਜੀਤ ਸਿੰਘ ਗੋਰਾ, ਹਰਪਾਲ ਮਲੂਕਾ, ਮਨਦੀਪ ਸ਼ਰਮਾ ਮਲੂਕਾ, ਬਿ੍ਸ਼ ਪਾਲ ਮਲੂਕਾ, ਗੁਰਤੇਜ ਸਿੰਘ, ਸੁਖਦੇਵ ਸਿੰਘ, ਇਕਵਿੰਦਰ ਸਿੰਘ, ਜਗਰੂਪ ਸਿੰਘ, ਰਾਮ ਸਿੰਘ, ਵਿਵੇਕ ਗਰਗ, ਚੰਦਨ ਕਾਂਤ ਕਾਲਾ, ਨਵਲ ਗੋਇਲ, ਨਰਦੇਵ ਸਿੰਘ ਭਾਈਰੂਪਾ, ਸੁਖਦੇਵ ਸਿੰਘ ਦਿਆਲਪੁਰਾ, ਸਿਕੰਦਰ ਸਿੰਘ ਹਰਰਾਏਪੁਰ, ਬਲਕਾਰ ਸਿੰਘ ਫ਼ਿਰੋਜ਼ਪੁਰ, ਗੁਰਜੀਵਨ ਸਿੰਘ ਜੰਡਾਂਵਾਲਾ, ਸੰਦੀਪ ਸਿੰਘ ਜੰਡਾਂਵਾਲਾ ਅਤੇ ਮੀਡੀਆ ਇੰਚਾਰਜ ਰਤਨ ਸ਼ਰਮਾ ਮਲੂਕਾ ਆਦਿ ਨੇ ਵੀ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਨੂੰ ਸ਼ਰਧਾ ਸੁਮਨ ਭੇਟ ਕੀਤੇ |
ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਜਣਾ ਹੀ ਉਨ੍ਹਾਂ ਨੂੰ ਅਸਲ ਸ਼ਰਧਾਂਜਲੀ- ਗੁਰਪ੍ਰੀਤ ਮਲੂਕਾ
ਅਜੀਤ ਡੈਸਕ
29-09-2025