32ਵੇਂ ਚਾਰ ਰੋਜ਼ਾ ਸਾਲਾਨਾ ਕਲਾ ਮੇਲੇ ਦਾ ਹੋਇਆ ਆਗਾਜ਼
ਬਠਿੰਡਾ, 26 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਸ. ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੋਸਾਇਟੀ (ਰਜਿ.)
ਬਠਿੰਡਾ, 26 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਸ. ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੋਸਾਇਟੀ (ਰਜਿ.) ਬਠਿੰਡਾ ਦੇ 32ਵੇਂ ਸਾਲਾਨਾ ਕਲਾ ਮੇਲੇ ਦਾ ਅੱਜ ਸਥਾਨਕ ਟੀਚਰਜ਼ ਹੋਮ ਵਿਖੇ ਆਗਾਜ਼ ਹੋ ਗਿਆ। ਇਹ ਚਾਰ ਰੋਜ਼ਾ ਕਲਾ ਮੇਲਾ ਪ੍ਰਸਿੱਧ ਪੰਜਾਬੀ ਚਿੱਤਰਕਾਰ ਸ. ਸੋਭਾ ਸਿੰਘ ਦੇ 125ਵੇਂ ਜਨਮ ਵਰ੍ਹੇ ਨੂੰ ਸਮਰਪਿਤ ਹੈ। ਮੇਲੇ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਅਮਰਜੀਤ ਮਹਿਤਾ, ਪ੍ਰਧਾਨ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਰੀਬਨ ਕੱਟ ਕੇ ਕੀਤਾ। ਮਹਿਤਾ ਨੇ ਚਿੱਤਰਕਾਰ ਪ੍ਰਦਰਸ਼ਨੀ ਅੰਦਰ ਲਗਾਈਆਂ ਪੈਂਟਿੰਗਾਂ ਤੇ ਮੂਰਤੀਆਂ ਨੂੰ ਬਰੀਕੀ ਨਾਲ ਵੇਖਿਆ ਅਤੇ ਬੱਚਿਆਂ ਦੇ ਕੰਮ ਦੀ ਪ੍ਰਸੰਸਾ ਕੀਤਾ। ਇਸ ਦੌਰਾਨ ਪਹਿਲੇ ਦਿਨ ਚਿੱਤਰਕਲਾ ਮੁਕਾਬਲਿਆਂ ਵਿਚ ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ ਲਗਭਗ 350 ਦੇ ਕਰੀਬ ਬੱਚਿਆਂ ਨੇ ਭਾਗ ਲਿਆ ਤੇ ਆਪਣੀ ਕਲਾ ਦੇ ਜੌਹਰ ਦਿਖਾਏ। ਚਿੱਤਰਕਲਾ ਮੁਕਾਬਲਿਆਂ ਨੂੰ ਤਿੰਨ ਵਰਗਾਂ ਵਿਚ ਵੰਡਿਆ ਗਿਆ, ਪਹਿਲੀ ਤੋਂ ਸੱਤਵੀਂ ਜਮਾਤ ਤੱਕ ਗਰੁੱਪ ਏ, ਅੱਠਵੀਂ ਤੋਂ ਦਸਵੀਂ ਜਮਾਤ ਤੱਕ ਗਰੁੱਪ ਬੀ ਤੇ ਗਿਆਰ੍ਹਵੀਂ, ਬਾਰ੍ਹਵੀਂ ਤੇ ਕਾਲਜ ਦੇ ਵਿਦਿਆਰਥੀਆਂ ਲਈ ਗਰੁੱਪ ਸੀ ਰੱਖਿਆ ਗਿਆ। ਇਸ ਮੌਕੇ ਵਿਸ਼ੇਸ਼ ਮਹਿਮਾਨ ਅਵਤਾਰ ਸਿੰਘ ਪ੍ਰਿੰਸੀਪਲ, ਲਿਟਲ ਫਲਾਵਰ ਸਕੂਲ, ਰਮਿੰਦਰ ਸਿੰਘ ਸਿੱਧੂ ਉੱਘੇ ਸਮਾਜ ਸੇਵੀ, ਤਸ਼ਵਿੰਦਰ ਸਿੰਘ ਮਾਨ ਪ੍ਰਿੰਸੀਪਲ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ, ਵੇਦ ਪ੍ਰਕਾਸ਼, ਅੰਕਿਤ ਮਿੱਤਲ, ਪਵਨ ਮਿੱਤਲ ਆਦਿ ਵਲੋਂ ਰੀਬਨ ਕੱਟ ਕੇ ਚਿੱਤਰਕਲਾ ਮੁਕਾਬਲੇ ਸ਼ੁਰੂ ਕਰਵਾਏ ਗਏ। ਕਲਾ ਮੇਲੇ ਵਿਚ ਪੰਜਾਬ, ਹਰਿਆਣਾ, ਰਾਜਸਥਾਨ ਤੇ ਚੰਡੀਗੜ੍ਹ ਸਮੇਤ ਵੱਖ-ਵੱਖ ਖੇਤਰਾਂ ਤੋਂ ਵੱਖ-ਵੱਖ ਸਥਾਪਿਤ ਚਿੱਤਰਕਾਰਾਂ ਦੀਆਂ ਲਗਭਗ 250 ਦੇ ਕਰੀਬ ਪੇਂਟਿੰਗਾਂ, ਮੂਰਤੀਆਂ ਤੇ ਹੋਰ ਕਲਾਕ੍ਰਿਤੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ। ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਮਿਥਨ ਮੰਡਲ, ਸਰਪ੍ਰਸਤ ਕੇਵਲ ਕ੍ਰਿਸ਼ਨ, ਜਨਰਲ ਸਕੱਤਰ ਭਾਵਨਾ ਗਰਗ, ਵਿੱਤ ਸਕੱਤਰ ਸੁਰੇਸ਼ ਮੰਗਲਾ, ਸੀਨੀਅਰ ਆਰਟਿਸਟ ਅਮਰਜੀਤ ਸਿੰਘ ਪੇਂਟਰ, ਆਰਟਿਸਟ ਗੁਰਪ੍ਰੀਤ, ਪ੍ਰੈੱਸ ਸਕੱਤਰ ਸੰਦੀਪ ਸ਼ੇਰਗਿੱਲ, ਬਸੰਤ ਸਿੰਘ, ਸੋਹਣ ਸਿੰਘ, ਅਮਿਤ, ਰੂਬੀ ਰਾਣੀ, ਯਸ਼ਪਾਲ ਜੈਤੋ ਗੁਰਜੀਤ ਪਲਾਹਾ, ਰਮਨਦੀਪ ਕੌਰ, ਗੁਰਪਿੰਦਰ ਕੌਰ, ਸਰਗਮ, ਤਨੂਸ਼੍ਰੀ ਬਿਸਵਾਸ, ਵਿਜੇ ਭੂ ਦੇਵ, ਟੇਕ ਚੰਦ, ਵਿਕਰਮ ਸਿੰਘ, ਪਰਵਿੰਦਰ ਸਿੰਘ ਗੁਰੂ, ਚਿੰਤਨ ਸ਼ਰਮਾ, ਅਮਰੀਕ ਮਾਨਸਾ, ਹਰਦਰਸ਼ਨ ਸਿੰਘ ਸੋਹਲ, ਨਵਦੀਪ ਸਿੰਘ, ਹਰਪ੍ਰੀਤ ਸਿੰਘ ਧਾਲੀਵਾਲ, ਧਰਮਪ੍ਰੀਤ ਸਿੰਘ ਭਦੌੜ, ਸੁਖਬੀਰ ਸਿੰਘ ਅਤੇ ਹੋਰ ਚਿੱਤਰਕਾਰ ਸ਼ਾਮਿਲ ਸਨ।