ਮੌੜ ਮੰਡੀ, 1 ਨਵੰਬਰ (ਗੁਰਜੀਤ ਸਿੰਘ ਕਮਾਲੂ)-ਮੌੜ ਮੰਡੀ ਦੇ ਨਜ਼ਦੀਕ ਪੈਂਦੇ ਪਿੰਡ ਕੁੱਤੀਵਾਲ ਖੁਰਦ ਵਿਖੇ ਪਰਾਲੀ ਦੇ ਭਰੇ ਟਰਾਲੇ ਨੂੰ ਅੱਗ ਲੱਗ ਗਈ, ਜਿਸ ਕਾਰਨ ਪਰਾਲੀ ਦਾ ਡੰਪ ਕਰਨ ਵਾਲੇ ਕਿਸਾਨਾਂ ਦਾ ਨੁਕਸਾਨ ਹੋਇਆ ਹੈ | ਇਸ ਨੁਕਸਾਨ ਸਬੰਧੀ ਦੱਸਦੇ ਹੋਏ ਕਿਸਾਨ ਹਿੰਮਤ ਸਿੰਘ, ਉੱਦਮ ਸਿੰਘ ਅਤੇ ਰੇਸ਼ਮ ਸਿੰਘ ਪਿੰਡ ਕੁੱਤੀਵਾਲ ਖੁਰਦ ਨੇ ਦੱਸਿਆ ਕਿ ਉਨ੍ਹਾਂ ਵਲੋਂ ਪਰਾਲੀ ਦੀਆਂ ਗੱਠਾਂ ਦਾ ਟਰਾਲਾ ਡੰਪ 'ਤੇ ਲਿਜਾਣ ਲਈ ਭਰਿਆ ਗਿਆ ਸੀ, ਜਿਸ ਨੂੰ ਕਿ ਬਿਜਲੀ ਦੀਆਂ ਨੀਵੀਆਂ ਤਾਰਾਂ ਕਾਰਨ ਦੇ ਸ਼ਾਰਟ ਸਰਕਟ ਨਾਲ ਅੱਗ ਲੱਗ ਗਈ | ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਅੱਗ ਨੂੰ ਬੁਝਾਉਣ ਲਈ ਮੌੜ ਫ਼ਾਇਰ ਬਿ੍ਗੇਡ ਨੂੰ ਫੋਨ ਕੀਤਾ ਪ੍ਰੰਤੂ ਇੱਥੇ ਫ਼ਾਇਰ ਬਿ੍ਗੇਡ ਦੀ ਗੱਡੀ ਖ਼ਰਾਬ ਸੀ, ਜਿਸ ਤੋਂ ਬਾਅਦ ਰਾਮਪੁਰਾ ਫੂਲ ਤੋਂ ਫ਼ਾਇਰ ਬਿ੍ਗੇਡ ਨੂੰ ਫੋਨ ਕਰਕੇ ਬੁਲਾਇਆ ਗਿਆ | ਫ਼ਾਇਰ ਬਿ੍ਗੇਡ ਪੂਰੇ ਦੋ ਘੰਟੇ ਬਾਅਦ ਪੁੱਜੀ ਉਦੋਂ ਤੱਕ ਟਰਾਲਾ ਪੂਰੀ ਤਰ੍ਹਾਂ ਸੜ੍ਹਕੇ ਸਵਾਹ ਹੋ ਚੁੱਕਾ ਸੀ, ਇੰਨ੍ਹਾਂ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦਾ ਕਰੀਬ ਤਿੰਨ ਲੱਖ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ | ਇਸ ਅੱਗ ਦਾ ਪਤਾ ਲੱਗਦੇ ਹੀ ਏ ਡੀ ਸੀ ਬਠਿੰਡਾ ਪੂਨਮ ਸਿੰਘ, ਡੀ ਐੱਸ ਪੀ ਮੌੜ ਅਤੇ ਐੱਸ ਡੀ ਐਮ ਮੌੜ ਨੂੰ ਨਾਲ ਲੈ ਕੇ ਘਟਨਾ ਵਾਲੀ ਜਗ੍ਹਾ 'ਤੇ ਪੁੱਜੇ ਅਤੇ ਨੁਕਸਾਨ ਦਾ ਜਾਇਜ਼ਾ ਲਿਆ | ਉਨ੍ਹਾਂ ਐੱਸ ਡੀ ਐਮ ਨੂੰ ਤੁਰੰਤ ਨੁਕਸਾਨ ਦਾ ਜਾਇਜ਼ਾ ਲੈ ਕੇ ਨੁਕਸਾਨ ਦੀ ਭਰਪਾਈ ਕਰਵਾਉਣ ਲਈ ਕਿਹਾ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਏ ਡੀ ਸੀ ਪੂਨਮ ਸਿੰਘ ਨੇ ਕਿਹਾ ਕਿ ਪ੍ਰਸ਼ਾਸ਼ਨ ਵਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਾਰੇ ਜਾਗਰੂਕ ਕਰਕੇ ਅਤੇ ਪਰਾਲੀ ਪ੍ਰਬੰਧਨ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣ ਕਰਕੇ ਪਰਾਲੀ ਸਾੜਨ ਦੇ ਕੇਸ ਕਾਫ਼ੀ ਜ਼ਿਆਦਾ ਘਟੇ ਹਨ | ਉਨ੍ਹਾਂ ਡੀ ਐੱਸ ਪੀ ਮੌੜ ਨੂੰ ਵੀ ਆਦੇਸ਼ ਦਿੱਤਾ ਕਿ ਕਿਸਾਨਾਂ ਨੂੰ ਪਰਾਲੀ ਸਾੜਨ ਰੋਂ ਰੋਕਿਆ ਜਾਵੇ |