ਬਠਿੰਡਾ, 5 ਦਸਬੰਰ (ਪ੍ਰੀਤਪਾਲ ਸਿੰਘ ਰੋਮਾਣਾ)-ਸਿਵਲ ਹਸਪਤਾਲ ਬਠਿੰਡਾ ਦੇ ਐਨ.ਸੀ.ਡੀ ਵਿੰਗ (ਗੈਰ-ਸੰਚਾਰੀ ਬਿਮਾਰੀਆਂ ਦਾ ਵਿਭਾਗ) ਵਲੋਂ ਤੰਬਾਕੂ ਦਾ ਸੇਵਨ ਕਰਨ ਵਾਲੇ 55 ਸਾਲਾਂ ਦੇ ਕੈਂਸਰ ਨਾਲ ਪੀੜਿਤ ਇਕ ਵਿਅਕਤੀ ਦਾ ਮੁਫ਼ਤ ਅਪ੍ਰੇਸ਼ਨ ਕੀਤਾ ਗਿਆ | ਪੀੜਿਤ ਵਿਅਕਤੀ ਜੋ ਕਿ ਉੱਤਰ ਪ੍ਰਦੇਸ ਨਾਲ ਸਬੰਧਿਤ ਹੋਣ ਕਾਰਨ ਪਿਛਲੇ 30 ਸਾਲਾਂ ਤੋਂ ਗੁਟਕਾ/ਖੈਨੀ/ਜਰਦਾ ਆਦਿ ਤੰਬਾਕੂ ਉਤਪਾਦ ਵਰਤਦਾ ਸੀ, ਜਿਸ ਕਾਰਨ ਉਸ ਨੂੰ ਮੂੰਹ ਦੇ ਕੈਂਸਰ ਦੀ ਪੱਕੀ ਤਸਦੀਕ ਹੋਈ ਸੀ | ਮਰੀਜ਼ ਇਸ ਸਮੇਂ ਸਰਕਾਰੀ ਹਸਪਤਾਲ ਵਿਚ ਇਲਾਜ ਅਧੀਨ ਹੈ ਅਤੇ ਤੰਦਰੁਸਤ ਹੈ | ਸਿਵਲ ਸਰਜਨ ਬਠਿੰਡਾ ਡਾ: ਤਪਿੰਦਰਜੋਤ ਵਲੋਂ ਐਨ.ਸੀ.ਡੀ ਵਿੰਗ (ਗੈਰ-ਸੰਚਾਰੀ ਬਿਮਾਰੀਆਂ ਦਾ ਵਿਭਾਗ) ਦਾ ਦੌਰਾ ਕਰਦੇ ਹੋਏ ਉਕਤ ਮਰੀਜ਼ ਦਾ ਹਾਲ ਜਾਣਿਆ | ਇਸ ਮੌਕੇ ਉਨਾਂ ਨੇ ਵਿੰਗ ਵਿਚ ਵੱਖ-ਵੱਖ ਡਾਕਟਰਾਂ ਕੋਲ ਮੈਡੀਕਲ ਜਾਂਚ ਲਈ ਆਏ ਮਰੀਜ਼ਾਂ ਨੂੰ ਤੰਬਾਕੂ ਦੇ ਸੇਵਨ ਤੋਂ ਦੂਰ ਰਹਿਣ ਦੀ ਅਪੀਲ ਕੀਤੀ | ਉਨਾਂ ਨੇ ਮਰੀਜ਼ ਦਾ ਇਲਾਜ ਕਰਨ ਵਾਲੇ ਕੈਂਸਰ ਰੋਗ ਦੀ ਮਾਹਿਰ ਡਾਕਟਰ ਵੰਦਨਾ ਮਿੱਢਾ ਨੂੰ ਅਜਿਹੇ ਮਰੀਜ਼ਾਂ ਦੀ ਕਾੳਾੂਸਲਿੰਗ ਜ਼ਰੂਰ ਕਰਨ ਲਈ ਕਿਹਾ ਗਿਆ | ਇਸ ਮੌਕੇ ਸਿਵਲ ਸਰਜਨ ਨੇ ਦੱਸਿਆ ਕਿ ਕੋਟਪਾ ਐਕਟ ਦੇ ਨੋਡਲ ਅਫ਼ਸਰ ਵਲੋਂ ਤੰਬਾਕੂ ਦੇ ਦੁਰ ਪ੍ਰਭਾਵ ਬਾਰੇ ਲਗਾਤਾਰ ਸਕੂਲਾਂ ਅਤੇ ਕਾਲਜਾਂ ਵਿਚ ਜਾ ਕੇ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ | ਡਾ: ਵੰਦਨਾ ਮਿੱਢਾ ਨੇ ਕਿਹਾ ਕਿ ਤੰਬਾਕੂ ਚਬਾਉਣ ਵਾਲਾ, ਸੁੱਟਣ ਵਾਲਾ ਜਾਂ ਨੱਕ ਵਿਚ ਲਿਆਉਣ ਵਾਲਾ ਸਰੀਰ ਲਈ ਜ਼ਹਿਰ ਹੈ | ਤੰਬਾਕੂ ਛੱਡਣਾ ਕੈਂਸਰ ਤੋਂ ਬਚਾਅ ਦਾ ਸਭ ਤੋਂ ਪ੍ਰਭਾਵਸ਼ਾਲੀ ਰਸਤਾ ਹੈ | ਲੋਕਾਂ ਨੂੰ ਚਾਹੀਦਾ ਹੈ ਕਿ ਸਮੇਂ 'ਤੇ ਆਪਣੇ ਮੂੰਹ ਅਤੇ ਗਲੇ ਦੀ ਰੈਗੂਲਰ ਸਕ੍ਰੀਨਿੰਗ ਕਰਵਾਉਣ | ਇਸ ਮੌਕੇ ਜ਼ਿਲਾ ਪਰਿਵਾਰ ਭਲਾਈ ਅਫ਼ਸਰ ਡਾ: ਸੁਖਜਿੰਦਰ ਸਿੰਘ ਗਿੱਲ, ਡਾ: ਪੁਨੀਤ ਸਲੂਜਾ, ਡਾ: ਵਿਕਾਸ, ਡਾ: ਜਸ਼ਨ, ਡਾ: ਕਰਨ ਅਬਰੋਲ, ਡਿਪਟੀ ਮਾਸ ਮੀਡੀਆ ਅਫ਼ਸਰ ਰੋਹਿਤ ਜਿੰਦਲ, ਜ਼ਿਲਾ ਬੀ.ਸੀ.ਸੀ ਨਰਿੰਦਰ ਕੁਮਾਰ, ਬੀ.ਈ.ਈ ਪਵਨਜੀਤ ਕੌਰ, ਸੁਖਵਿੰਦਰ ਸਿੰਘ ਅਤੇ ਇੰਦੂ ਗੁਪਤਾ ਹਾਜ਼ਰ ਸਨ |