ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਚੋਣਾਂ : ਮਾਨਸਾ ਜ਼ਿਲੇ੍ਹ 'ਚ 11 ਪ੍ਰੀਸ਼ਦ ਜ਼ੋਨਾਂ ਲਈ 59 ਨਾਮਜ਼ਦਗੀਆਂ ਸਹੀ ਪਾਈਆਂ <br/>
ਅਜੀਤ ਡੈਸਕ
06-12-2025
ਮਾਨਸਾ, 5 ਦਸੰਬਰ- ਮਾਨਸਾ ਜ਼ਿਲੇ੍ਹ 'ਚ 11 ਜ਼ਿਲ੍ਹਾ ਪ੍ਰੀਸ਼ਦ ਜ਼ੋਨਾਂ ਦੇ 65 ਨਾਮਜ਼ਦਗੀਆਂ ਹੋਈਆਂ ਸਨ | ਅੱਜ ਕਾਗ਼ਜ਼ਾਂ ਦੀ ਪੜਤਾਲ ਦੌਰਾਨ 6 ਉਮੀਦਵਾਰਾਂ ਦੇ ਕਾਗ਼ਜ਼ ਰੱਦ ਪਾਏ ਗਏ | ਹੁਣ 59 ਉਮੀਦਵਾਰ ਚੋਣ ਮੈਦਾਨ 'ਚ ਹਨ ਜਦਕਿ 6 ਦਸੰਬਰ ਨੂੰ ਕਾਗ਼ਜ਼ ਵਾਪਸ ਲਏ ਜਾ ਸਕਦੇ ਹਨ | ਹਾਸਲ ਕੀਤੀ ਜਾਣਕਾਰੀ ਅਨੁਸਾਰ ਅਕਲੀਆ ਜੋਨ 'ਚ 3, ਦਲੇਲ ਸਿੰਘ ਵਾਲਾ 5, ਬੋੜਵਾਲ 'ਚ 5, ਬੱਛੋਆਣਾ 4, ਕੁੱਲਰੀਆਂ, 2, ਅੱਕਾਂਵਾਲੀ 6, ਭੈਣੀਬਾਘਾ 8, ਨੰਗਲ ਕਲਾਂ 5, ਰਾਏਪੁਰ 6, ਝੁਨੀਰ 5 ਤੇ ਝੰਡਾ ਕਲਾਂ ਜੋਨ 'ਚ 10 ਉਮੀਦਵਾਰ ਮੈਦਾਨ 'ਚ ਹਨ |
ਡਾ. ਮੀਆਂ ਤੇ ਚਹਿਲ ਦੀ ਅਗਵਾਈ 'ਚ ਐੱਸ.ਡੀ.ਐੱਮ. ਦਫ਼ਤਰ ਅੱਗੇ ਧਰਨਾ
ਉੱਧਰ ਕਾਂਗਰਸ ਪਾਰਟੀ ਬੁਢਲਾਡਾ ਹਲਕੇ ਦੀ ਇੰਚਾਰਜ ਡਾ. ਰਣਵੀਰ ਕੌਰ ਮੀਆਂ ਤੇ ਭਾਰਤੀ ਜਨਤਾ ਪਾਰਟੀ ਹਮੀਰਗੜ੍ਹ ਢੈਪਈ ਮੰਡਲ ਦੇ ਪ੍ਰਧਾਨ ਡਾ. ਗੁਰਤੇਜ ਸਿੰਘ ਸਮਾਓਾ, ਬਸਪਾ ਆਗੂ ਕਰਮਜੀਤ ਕੌਰ ਦੀ ਅਗਵਾਈ 'ਚ ਬੀਤੀ ਦੇਰ ਸ਼ਾਮ ਪਾਰਟੀਆਂ ਦੇ ਕਾਰਕੁਨਾਂ ਵਲੋਂ ਐੱਸ.ਡੀ.ਐੱਮ. ਦਫ਼ਤਰ ਅੱਗੇ ਰੋਸ ਧਰਨਾ ਲਗਾਇਆ ਗਿਆ | ਉਨ੍ਹਾਂ ਦੋਸ਼ ਲਗਾਇਆ ਕਿ ਅਧਿਕਾਰੀ ਨੇ ਸੱਤਾਧਾਰੀ ਧਿਰ ਦੇ ਇਸ਼ਾਰੇ 'ਤੇ ਵਿਰੋਧੀ ਧਿਰਾਂ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਹਾਸਲ ਨਹੀਂ ਕੀਤੇ | ਉਨ੍ਹਾਂ ਦੱਸਿਆ ਕਿ ਉਹ ਸਮੇਂ ਸਿਰ ਦਫ਼ਤਰ ਪਹੁੰਚ ਚੁੱਕੇ ਸਨ ਜਦਕਿ ਅਧਿਕਾਰੀ ਇਹ ਕਹਿ ਕੇ ਚਲੇ ਗਏ ਕਿ ਵਾਪਸ ਆ ਕੇ ਉਨ੍ਹਾਂ ਦੇ ਕਾਗ਼ਜ਼ ਦਾਖਲ ਕਰਵਾਏ ਜਾਣਗੇ ਪਰ ਉਹ ਮੁੜ ਦਫ਼ਤਰ ਨਹੀਂ ਆਏ | ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜਾ ਖੜਕਾਇਆ ਜਾਵੇਗਾ | ਕਾਲਾ ਰਾਮ ਕਾਂਸਲ ਐੱਸ.ਡੀ.ਐੱਮ. ਮਾਨਸਾ ਨੇ 'ਅਜੀਤ' ਵਲੋਂ ਸੰਪਰਕ ਕਰਨ 'ਤੇ ਕਿਹਾ ਕਿ ਲਗਾਏ ਜਾ ਰਹੇ ਦੋਸ਼ ਬੇਬੁਨਿਆਦ ਹਨ | ਉਨ੍ਹਾਂ ਸਪਸ਼ਟ ਆਖਿਆ ਕਿ ਉਮੀਦਵਾਰ ਦੇ ਸਮੇਂ ਸਿਰ ਨਾ ਪਹੁੰਚਣ ਕਰ ਕੇ ਨਾਮਜ਼ਦਗੀ ਪੱਤਰ ਦਾਖਲ ਨਹੀਂ ਹੋ ਸਕੇ |
ਗੁਲਪ੍ਰੀਤ ਸਿੰਘ ਅÏਲਖ ਚੋਣ ਨਿਗਰਾਨ ਨਿਯੁਕਤ
ਉੱਧਰ ਚੋਣ ਕਮਿਸ਼ਨ ਵਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਗੁਲਪ੍ਰੀਤ ਸਿੰਘ ਅÏਲਖ ਆਈ.ਏ.ਐੱਸ ਨੂੰ ਜ਼ਿਲ੍ਹਾ ਮਾਨਸਾ ਲਈ ਚੋਣ ਨਿਗਰਾਨ ਨਿਯੁਕਤ ਕੀਤਾ ਗਿਆ ਹੈ | ਇਸੇ ਦੌਰਾਨ ਸ: ਔਲਖ ਨੇ ਸਬੰਧਿਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ | ਉਨ੍ਹਾਂ ਹਦਾਇਤ ਕੀਤੀ ਕਿ ਚੋਣ ਅਮਲ ਨੂੰ ਅਮਨ-ਅਮਾਨ ਅਤੇ ਬਿਹਤਰ ਤਰੀਕੇ ਨਾਲ ਨੇਪਰੇ ਚਾੜਿ੍ਹਆ ਜਾਵੇ | ਉਨ੍ਹਾਂ ਦੱਸਿਆ ਕਿ ਚੋਣਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਾਂ ਸ਼ਿਕਾਇਤ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਾਨਸਾ ਦੇ ਕਮਰਾ ਨੰਬਰ 10 'ਚ ਸ਼ਿਕਾਇਤ ਸੈੱਲ ਸਥਾਪਿਤ ਕੀਤਾ ਗਿਆ ਹੈ, ਜਿਸ ਦਾ ਸੰਪਰਕ ਨੰਬਰ 98154-68932 ਹੈ |