ਆਦਰਸ਼ ਸਕੂਲ ਚਾਉਕੇ ਦੇ ਸੰਘਰਸ਼ੀ ਅਧਿਆਪਕਾਂ ਨੇ ਪ੍ਰਸ਼ਾਸਨ ਦੀ ਵਾਅਦਾ ਖ਼ਿਲਾਫ਼ੀ ਖਿਲਾਫ ਐੱਸ.ਡੀ.ਐੱਮ. ਦਫ਼ਤਰ ਵਿਖੇ ਦਿੱਤਾ ਧਰਨਾ <br/>
ਮੌੜ ਮੰਡੀ ਵਿਖੇ ਐੱਸ.ਡੀ.ਐੱਮ. ਵਿਖੇ ਧਰਨਾ ਦਿੰਦੇ ਹੋਏ ਆਦਰਸ਼ ਸਕੂਲ ਚਾਉਕੇ ਦੇ ਅਧਿਆਪਕ ਅਤੇ ਭਰਾਤਰੀ ਜਥੇਬੰਦੀਆਂ |
<br/>
19-12-2025
ਮੌੜ ਮੰਡੀ, 18 ਦਸੰਬਰ (ਗੁਰਜੀਤ ਸਿੰਘ ਕਮਾਲੂ)-ਆਦਰਸ਼ ਸਕੂਲ ਚਾਉਕੇ ਦੇ ਸਟਾਫ਼ ਦੀਆ ਹੱਕੀ ਮੰਗਾਂ ਲਈ ਪਿਛਲੇ ਇੱਕ ਸਾਲ ਤੋਂ ਸੰਘਰਸ਼ ਕਰ ਰਹੇ ਅਧਿਆਪਕਾਂ ਨੇ ਮੌੜ ਸ਼ਹਿਰ ਵਿਚ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਰੋਸ ਮਾਰਚ ਕੀਤਾ ਅਤੇ ਐੱਸ.ਡੀ.ਐੱਮ. ਦਫ਼ਤਰ ਮੌੜ ਦੇ ਦਫ਼ਤਰ ਅੱਗੇ ਧਰਨਾ ਲਾਇਆ ਗਿਆ | ਜਿਸ ਵਿਚ ਮੈਨੇਜਮੈਂਟ ਵਲੋਂ ਬੱਚਿਆਂ ਤੋਂ ਗਲਤ ਤਰੀਕੇ ਨਾਲ ਭਰਾਈ ਫ਼ੀਸ ਵਾਪਸੀ, ਦੋ ਕਿਸਾਨ ਆਗੂ ਰਿਹਾਅ ਕਰਨ, ਦੋ ਟਰਮੀਨੇਟ ਕੀਤੇ ਹੋਏ ਅਧਿਆਪਕ ਬਹਾਲ ਕਰਨ, ਕਟੌਤੀ ਕੀਤੀਆ ਤਨਖ਼ਾਹਾਂ ਬਹਾਲ ਕਰਨ, ਮੈਨੇਜਮੈਂਟ ਅਤੇ ਪਿ੍ੰਸੀਪਲ ਉੱਪਰ ਪਰਚਾ ਦਰਜ ਕਰਨ ਆਦਿ ਮੰਗਾਂ ਨੂੰ ਲੈ ਕੇ ਇਹ ਧਰਨ ਲਗਾਇਆ ਗਿਆ | ਅਧਿਆਪਕ ਬਲਵਿੰਦਰ ਸਿੰਘ ਨੇ ਦੱਸਿਆ ਕਿ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨਾਲ 3 ਅਕਤੂਬਰ 2025 ਨੂੰ ਆਦਰਸ਼ ਸਕੂਲ ਟੀਚਿੰਗ ਨਾਨ ਟੀਚਿੰਗ ਸਟਾਫ਼ ਯੂਨੀਅਨ ਪੰਜਾਬ ਅਤੇ ਆਦਰਸ਼ ਸਕੂਲ ਚਾਉਕੇ ਸਟਾਫ਼ ਨਾਲ ਮੀਟਿੰਗ ਤੇ ਸਹਿਮਤੀ ਬਣੀ ਕਿ ਰਹਿੰਦੇ 2 ਅਧਿਆਪਕਾ ਨੂੰ ਬਹਾਲ ਕਰਦੇ ਹੋਏ ਬਾਕੀ ਮੁੜ ਬਹਾਲ ਸਟਾਫ਼ ਦੀ ਸੀਨੀਅਰਤਾ ਬਹਾਲ ਕੀਤੀ ਜਾਵੇਗੀ, ਪ੍ਰੰਤੂ ਏ. ਡੀ. ਸੀ. ਬਠਿੰਡਾ ਅਰਬਨ ਡਿਵੈਲਪਮੈਂਟ ਕਮ ਸਕੂਲ ਪ੍ਰਸ਼ਾਸਕ ਨਰਿੰਦਰਜੀਤ ਸਿੰਘ ਧਾਲੀਵਾਲ ਨੇ ਓਹਨਾਂ ਦੇ ਹੁਕਮਾਂ ਨੂੰ ਮੰਨਣ ਤੋਂ ਮਨਾ ਕਰ ਦਿੱਤਾ ਅਤੇ ਦੁਬਾਰਾ ਜਾਂਚ ਦੀ ਗੱਲ ਕਹੀ ਗਈ ਜਿਸਨੂੰ ਸਕੂਲ ਸਟਾਫ਼ ਦੁਆਰਾ ਨਾ ਮਨਜ਼ੂਰ ਕੀਤਾ ਗਿਆ | ਜਿਸ ਉਪਰੰਤ ਡੀ ਜੀ ਐਸ ਏ ਪੰਜਾਬ ਦੀ ਦੇਖ ਰੇਖ ਹੇਠ ਜਾਂਚ 13 ਅਕਤੂਬਰ ਤੋਂ ਸ਼ੁਰੂ ਹੋਈ ਜਿਸਨੂੰ 15 ਦਿਨਾਂ ਵਿੱਚ ਪੂਰਾ ਕੀਤਾ ਜਾਣਾ ਸੀ ਪਰ ਅਜੇ ਤੱਕ ਵੀ ਜਾਂਚ ਰਿਪੋਰਟ ਦਾ ਫੈਸਲਾ ਨਹੀਂ ਆਇਆ | ਉਨ੍ਹਾਂ ਅੱਗੇ ਦੱਸਿਆ ਕਿ 6 ਅਕਤੂਬਰ ਨੂੰ ਐਮ.ਐਲ.ਏ ਮੌੜ ਸੁਖਵੀਰ ਸਿੰਘ ਮਾਈਸਰਖਾਨਾ ਨੇ ਖ਼ੁਦ ਪਹੁੰਚ ਕੇ ਮੰਗਾਂ ਮੰਨਦੇ ਹੋਏ ਸਟਾਫ਼ ਦਾ ਧਰਨਾ ਖ਼ਤਮ ਕਰਵਾਇਆ, ਸਕੂਲ ਪ੍ਰਸ਼ਾਸਕ ਦੁਆਰਾ ਅੱਜ ਤੱਕ ਇਹਨਾਂ ਮੰਗੀਆਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਸਗੋਂ ਪਿ੍ੰਸੀਪਲ ਨੂੰ ਸਪੈਸ਼ਲ ਪਾਵਰਾਂ ਦੇ ਕੇ 3 ਅਕਤੂਬਰ ਤੋਂ ਐਸ.ਡੀ.ਐਮ. ਦਫ਼ਤਰ ਮੌੜ ਬਿਠਾਇਆ ਹੋਇਆ | ਇਸ ਮੌਕੇ ਕਿਸਾਨ ਮਜ਼ਦੂਰ ਆਗੂਆਂ ਵਿਚ ਔਰਤ ਵਿੰਗ ਦੇ ਸੂਬਾ ਮੈਂਬਰ ਹਰਿੰਦਰ ਬਿੰਦੂ ਬੀ ਕੇ ਯੂ ਉਗਰਾਹਾਂ, ਸੂਬਾ ਆਗੂ ਸ਼ਿੰਗਾਰਾ ਸਿੰਘ ਮਾਨ, ਜ਼ਿਲ੍ਹਾ ਆਗੂ ਹਰਜਿੰਦਰ ਸਿੰਘ ਬੱਗੀ, ਗੁਰਦੀਪ ਸਿੰਘ ਡਕੌਂਦਾ, ਬਲਜੀਤ ਸਿੰਘ ਭੈਣੀ ਬਾਘਾ, ਜਗਜੀਤ ਸਿੰਘ ਜਮਹੂਰੀ ਕਿਸਾਨ ਸਭਾ, ਜਰਨੈਲ ਸਿੰਘ ਯਾਤਰੀ ਖੇਤ ਮਜ਼ਦੂਰ ਸਭਾ, ਡੀ ਟੀ ਐੱਫ ਆਗੂ ਦਿਗਵਿਕੇਪਾਲ, ਬਲਜਿੰਦਰ ਸਿੰਘ, ਡੀ.ਟੀ.ਐਫ. ਮੀਤ ਪ੍ਰਧਾਨ ਬਿਕਰਮਦੇਵ, ਜਸਪਾਲ ਸਿੰਘ ਬੰਗੀ, ਆਦਰਸ਼ ਸਕੂਲ ਯੂਨੀਅਨ ਸੂਬਾ ਆਗੂ ਸ਼ਹਿਜਾਦਾ ਸਲੀਮ, ਅਮਰਜੀਤ ਜੋਸ਼ੀ ਆਦਿ ਤੋਂ ਇਲਾਵਾ ਹੋਰਨਾਂ ਯੂਨੀਅਨਾਂ ਦੇ ਆਗੂਆਂ ਨੇ ਵੀ ਸੰਬੋਧਨ ਕੀਤਾ |