ਬਠਿੰਡਾ, 19 ਦਸੰਬਰ (ਸੱਤਪਾਲ ਸਿੰਘ ਸਿਵੀਆਂ)-ਥਰਮਲ ਕਾਲੋਨੀ ਬਠਿੰਡਾ ਦੇ ਆਊਟਸੋਰਸ ਮੁਲਾਜ਼ਮਾਂ ਵਲੋਂ ਆਪਣੀਆਂ ਵਿਭਾਗੀ ਮੰਗਾਂ ਨੂੰ ਲੈ ਕੇ ਸੰਘਰਸ਼ ਵਿੱਢਿਆ ਹੋਇਆ ਹੈ, ਜਿਸ ਦੇ ਸੱਤਵੇਂ ਦਿਨ ਥਰਮਲ ਕਾਲੋਨੀ ਦੇ ਵਾਸੀਆਂ ਵਲੋਂ ਆਪਣੇ ਪਰਿਵਾਰਾਂ ਸਮੇਤ ਸ਼ਮੂਲੀਅਤ ਕੀਤੀ ਗਈ | ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਆਗੂ ਰਾਮ ਰਤਨ ਲਾਲ, ਮਹਿੰਦਰ ਕੁਮਾਰ, ਮਨਦੀਪ ਸਿੰਘ ਸਬ ਡਿਵੀਜ਼ਨ ਭੁੱਚੋ, ਸੰਦੀਪ ਕੁਮਾਰ ਸਬ ਡਿਵੀਜ਼ਨ ਨਥਾਣਾ, ਗਗਨਦੀਪ ਸਿੰਘ, ਗੁਰਜੀਤ ਸਿੰਘ ਤੇ ਜਸਕਰਨ ਸਿੰਘ ਨੇ ਕਿਹਾ ਕਿ ਮਹਿਕਮੇ ਵਲੋਂ ਉਨ੍ਹਾਂ ਦਾ ਡਸਟ ਅਲਾਉਂਸ ਲਾਗੂ ਕਰਨ ਦੇ ਖ਼ਿਲਾਫ਼ ਉਹ ਪਿਛਲੇ ਡੇਢ ਸਾਲ ਤੋਂ ਸੰਘਰਸ਼ ਕਰ ਰਹੇ ਹਨ, ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਹੈ | ਦੂਜੇ ਪਾਸੇ ਪੰਜਾਬ ਸਰਕਾਰ ਆਊਟਸੋਰਸ, ਇਨਲਿਸਟਮੈਂਟ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਵਾਅਦੇ ਤੋਂ ਭੱਜ ਰਹੀ ਹੈ, ਜਦਕਿ ਚੋਣਾਂ ਮੌਕੇ ਸਭ ਤੋਂ ਪਹਿਲਾਂ ਕੱਚੇ ਕਾਮਿਆਂ ਨੂੰ ਪੱਕੇ ਕਰਨ ਦਾ ਆਪ ਨੇ ਵਾਅਦਾ ਕੀਤਾ ਸੀ | ਉਨ੍ਹਾਂ ਕਿਹਾ ਕਿ ਇਨ੍ਹਾਂ ਮਸਲਿਆਂ ਨੂੰ ਲੈ ਕੇ ਠੇਕਾ ਸੰਘਰਸ਼ ਮੋਰਚਾ ਪੰਜਾਬ ਦੀਆਂ ਪੰਜਾਬ ਸਰਕਾਰ ਨਾਲ 35 ਮੀਟਿੰਗਾਂ ਹੋ ਚੁੱਕੀਆਂ ਹਨ, ਪਰ ਸਰਕਾਰ ਆਪਣੇ ਵਾਅਦੇ ਤੋਂ ਮੁਕਰ ਚੁੱਕੀ ਹੈ | ਉਨ੍ਹਾਂ ਮੰਗ ਕੀਤੀ ਕਿ ਸਰਕਾਰੀ ਵਿਭਾਗਾਂ ਨੂੰ ਚਾਲੂ ਰੱਖਿਆ ਜਾਵੇ ਤੇ ਉਨ੍ਹਾਂ ਦੇ ਰੁਜ਼ਗਾਰ ਨੂੰ ਪੱਕਾ ਕੀਤਾ ਜਾਵੇ | ਉਨ੍ਹਾਂ ਨੇ ਪੰਜਾਬ ਸਰਕਾਰ ਵਲੋਂ ਥਰਮਲ ਕਾਲੋਨੀ ਦੀ ਸਰਕਾਰੀ ਜ਼ਮੀਨ ਵੇਚਣ ਦੀ ਨਿਖੇਧੀ ਕੀਤੀ, ਜਿਸ ਦੇ ਰੋਸ ਵਜੋਂ ਅੱਜ ਬਠਿੰਡਾ ਥਰਮਲ ਕਾਲੋਨੀ ਦੇ ਨਿਵਾਸੀਆਂ ਨੇ ਵੀ ਇਸ ਧਰਨੇ ਵਿਚ ਪਰਿਵਾਰਾਂ ਤੇ ਬੱਚਿਆਂ ਸਮੇਤ ਸ਼ਮੂਲੀਅਤ ਕੀਤੀ | ਮੁਲਾਜ਼ਮਾਂ ਅਤੇ ਕਾਲੋਨੀ ਵਾਸੀਆਂ ਨੇ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ਦੇ ਵਿਚ ਵੱਡੀ ਲਾਮਬੰਦੀ ਕਰਕੇ ਸਾਂਝੇ ਸੰਘਰਸ਼ ਵਿੱਢਿਆ ਜਾਵੇਗਾ |