ਬਠਿੰਡਾ, 28 ਦਸੰਬਰ (ਪ੍ਰੀਤਪਾਲ ਸਿੰਘ ਰੋਮਾਣਾ)-ਬਠਿੰਡਾ 'ਚ ਇਕ ਸਨਸਨੀਖ਼ੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸਾਈਬਰ ਠੱਗਾਂ ਨੇ ਕਾਨੂੰਨ ਦੀ ਸਭ ਤੋਂ ਉੱਚ ਸੰਸਥਾ ਸੁਪਰੀਮ ਕੋਰਟ ਦਾ ਡਰ ਦਿਖਾ ਕੇ ਇਕ ਰੇਲਵੇ ਲੋਕੋ ਪਾਇਲਟ ਨੂੰ 12 ਦਿਨਾਂ ਤੱਕ ਉਸ ਨੂੰ ਆਪਣੇ ਘਰ 'ਚ ਕੈਦੀ ਬਣਾ ਕੇ ਰੱਖਿਆ ਤੇ 24 ਲੱਖ ਰੁਪਏ ਵੀ ਹੜੱਪ ਕਰ ਲਏ | ਇਹ ਵਾਰਦਾਤ 16 ਤੋਂ 27 ਅਕਤੂਬਰ ਤੱਕ ਦੀ ਹੈ | ਪੀੜਤ ਰਾਕੇਸ਼ ਕੁਮਾਰ ਮੋਰੀਆ ਜੋ ਕਿ ਬਠਿੰਡਾ 'ਚ ਲੋਕੋ ਪਾਇਲਟ ਦੀ ਪੋਸਟ ਤੇ ਤੈਨਾਤ ਹੈ ਨੇ ਸਾਇਬਰ ਕਰਾਇਮ ਥਾਣੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੂੰ ਮਿਤੀ 16 ਅਕਤੂਬਰ ਨੂੰ ਅਣਪਛਾਤੀ ਔਰਤ ਦੀ ਕਾਲ ਆਈ ਜਿਸ ਨੇ ਕਿਹਾ ਕਿ ਉਸ ਦੇ ਮੋਬਾਇਲ ਤੋਂ ਲੋਕਾ ਨੂੰ ਗਲਤ ਮੈਸੇਜ ਜਾ ਰਹੇ ਹਨ | ਜਿਸ ਨੇ ਉਸ ਦੀ ਗੱਲ ਐਸ ਆਈ ਵਿਜੇ ਕੁਮਾਰ ਥਾਣਾ ਸਾਈਬਰ ਸੈਲ ਕਰਾਇਮ ਬਰਾਂਚ ਦਿੱਲੀ ਨਾਲ ਕਰਵਾਈ | ਜਿਸ ਨੇ ਵੀਡੀਓ ਕਾਲ ਕਰਕੇ ਉਸ ਨੂੰ ਕਿਹਾ ਕਿ ਤੇਰੇ ਇਸ ਮੋਬਾਇਲ ਨੰਬਰ ਦੇ ਖਿਲਾਫ 24 ਐਫ ਆਈ ਆਰ ਦਰਜ ਹੋਇਆ ਹਨ | ਫਿਰ ਔਰਤ ਕੀਰਤੀ ਸਾਨਿਆਲ ਸੀਬੀਆਈ ਅਫ਼ਸਰ ਨੇ ਗੱਲ ਕੀਤੀ ਜਿਸ ਨੇ ਦੱਸਿਆ ਕਿ ਸੁਪਰੀਮ ਕੋਰਟ ਵਲੋਂ ਜਾਰੀ ਵਰੰਟ ਅਨੁਸਾਰ ਉਸ ਨੂੰ 4 ਵਜੇ ਤੱਕ ਗਿ੍ਫ਼ਤਾਰ ਕੀਤਾ ਜਾਣਾ ਹੈ | ਗਿ੍ਫ਼ਤਾਰੀ ਤੋਂ ਬਚਣ ਲਈ ਉਸ ਨੂੰ 24 ਲੱਖ ਰੁਪਏ ਸਕਿਉਰਿਟੀ ਵਜੋਂ 27 ਅਕਤੂਬਰ ਤੱਕ ਖਾਤਾ ਵਿਚ ਜਮਾਂ ਕਰਵਾਏ ਜਾਣ | ਠੱਗਾਂ ਨੇ ਉਸ ਨੂੰ ਜਾਲ 'ਚ ਇਸ ਤਰ੍ਹਾਂ ਫਸਾਇਆ ਕਿ ਉਸ ਨੇ ਠੱਗਾਂ ਨੂੰ ਪੈਸੇ ਦੇਣ ਦੇ ਲਈ ਬੈਂਕ ਤੋਂ 24 ਲੱਖ ਰੁਪਏ ਦਾ ਲੋਨ ਤੱਕ ਲੈ ਲਿਆ | ਸਾਈਬਰ ਠੱਗਾਂ ਨੇ ਉਸ ਨੂੰ ਖ਼ੁਦ ਦੂਰਸੰਚਾਰ ਵਿਭਾਗ, ਦਿੱਲੀ ਕਰਾਇਮ ਬਰਾਂਚ, ਸੀ.ਬੀ.ਆਈ ਦਾ ਅਧਿਕਾਰੀ ਦੱਸਦੇ ਹੋਏ ਰਾਕੇਸ਼ ਨੂੰ ਵੀਡੀਓ ਕਾਲ ਕੀਤੀ | ਇਸ ਡਰ ਦੇ ਮਾਰੇ ਲੋਕੋ ਪਾਇਲਟ ਨੇ ਲੋਨ ਲੈ ਕੇ ਇਹ ਪੈਸਿਆਂ ਦੀ ਆਰਟੀਜੀਐਸ ਦੇ ਜਰੀਏ ਦੱਸੇ ਬੈਕ ਖਾਤੇ ਵਿਚ ਟਰਾਂਸਫ਼ਰ ਕਰ ਦਿੱਤੇ | ਇਸ ਮਾਮਲੇ 'ਚ ਸਾਈਬਰ ਐਕਸਪਰਟ ਅਤੇ ਸਾਈਬਰ ਥਾਣੇ ਦੀ ਇੰਸਪੈਕਟਰ ਸੁਖਵੀਰ ਕੌਰ ਨੇ ਲੋਕਾ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਸਭ ਤੋਂ ਪਹਿਲਾ ਗੱਲ ਇਹ ਹੈ, ਕਿ ਦੇਸ ਦੀ ਕੋਈ ਵੀ ਅਦਾਲਤ ਜਾਂ ਜਾਂਚ ਏਜੰਸੀ (329, Police) ਵੱਟਸਐਪ ਤੇ ਗਿ੍ਫ਼ਤਾਰੀ ਵਰੰਟ ਨਹੀ ਭੇਜਦੀ | ਸੁਪਰੀਮ ਕੋਰਟ ਕਿਸੇ ਵੀ ਆਮ ਨਾਗਰਿਕ ਨੂੰ ਸਕਿਊਰਟੀ ਵਜੋਂ ਪੈਸੇ ਜਮਾ ਕਰਨ ਦੇ ਲਈ ਸਿੱਧੇ ਫੋਨ ਜਾ ਮੈਸੇਜ ਨਹੀ ਕਰਦਾ | ਇਹ ਪੂਰੀ ਤਰ੍ਹਾਂ ਨਾਲ ਫਰਜੀਵਾੜਾ ਹੈ | ਸੁਪਰੀਮ ਕੋਰਟ ਦੇ ਨਾਮ ਤੇ ਬੈਂਕ ਖਾਤਾ ਹੋਣਾ ਹੀ ਆਪਣੇ ਆਪ 'ਚ ਸਭ ਤੋਂ ਵੱਡਾ ਝੂਠ ਹੈ |