ਤਲਵੰਡੀ ਸਾਬੋ, 28 ਦਸੰਬਰ (ਰਣਜੀਤ ਸਿੰਘ ਰਾਜੂ)-ਸਮੁੱਚੇ ਸਿੱਖ ਜਗਤ 'ਚ ਜਿੱਥੇ ਦਸਮੇਸ਼ ਪਿਤਾ ਦੇ ਚਾਰੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜ਼ਰ ਕੌਰ ਜੀ ਦੇ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ ਹਨ ਉੱਥੇ ਇਤਿਹਾਸਿਕ ਨਗਰ ਤਲਵੰਡੀ ਸਾਬੋ ਦੀ ਬਾਬਾ ਮੋਤੀ ਮਹਿਰਾ ਸਿੱਖ ਬਰਾਦਰੀ ਸੋਸਾਇਟੀ (ਰਜਿ:) ਵਲੋਂ ਮਾਤਾ ਗੁਜ਼ਰ ਕੌਰ ਅਤੇ ਸਾਹਿਬਜ਼ਾਦਿਆਂ ਨੂੰ ਠੰਢੇ ਬੁਰਜ 'ਚ ਕੈਦ ਸਮੇਂ ਗਰਮ ਦੁੱਧ ਛਕਾਉਣ ਵਾਲੇ ਗੁਰੂ ਦੇ ਮਹਾਨ ਸਿੱਖ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ | ਅੱਜ ਬਾਬਾ ਮੋਤੀ ਮਹਿਰਾ ਧਰਮਸ਼ਾਲਾ ਵਿਖੇ ਸਭ ਤੋਂ ਪਹਿਲਾਂ ਬੀਤੇ ਤਿੰਨ ਦਿਨਾਂ ਤੋਂ ਪ੍ਰਕਾਸ਼ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਤਖਤ ਸ੍ਰੀ ਦਮਦਮਾ ਸਾਹਿਬ ਦੇ ਰਾਗੀ ਭਾਈ ਅੰਮਿ੍ਤਪਾਲ ਸਿੰਘ ਦੇ ਜਥੇ ਨੇ ਵੈਰਾਗਮਈ ਕੀਰਤਨ ਕੀਤਾ ਜਦੋਂਕਿ ਗੁਰਦੁਆਰਾ ਮੰਜੀ ਸਾਹਿਬ (ਪਾ: 9ਵੀਂ) ਦੇ ਮੁੱਖ ਸੇਵਾਦਾਰ ਬਾਬਾ ਗਿਆਨ ਸਿੰਘ ਨੇ ਅਰਦਾਸ ਕੀਤੀ ਤੇ ਅਰਦਾਸ ਉਪਰੰਤ ਤਖਤ ਸ੍ਰੀ ਦਮਦਮਾ ਸਾਹਿਬ ਦੇ ਮੁੱਖ ਕਥਾਵਾਚਕ ਗਿਆਨੀ ਜਗਤਾਰ ਸਿੰਘ ਕੀਰਤਪੁਰੀ ਨੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਦੀ ਠੰਢੇ ਬੁਰਜ 'ਚ ਕੈਦ ਸਮੇਂ ਬਾਬਾ ਮੋਤੀ ਰਾਮ ਮਹਿਰਾ ਵਲੋਂ ਉਨ੍ਹਾਂ ਨੂੰ ਗਰਮ ਦੁੱਧ ਛਕਾਉਣ ਦੇ ਵਿਰਤਾਂਤ ਨੂੰ ਇਤਿਹਾਸਿਕ ਸ੍ਰੋਤਾਂ ਦੇ ਹਵਾਲੇ ਨਾਲ ਸੰਗਤਾਂ ਨਾਲ ਸਾਂਝਾ ਕੀਤਾ | ਦੁੱਧ ਛਕਾਉਣ ਬਦਲੇ ਬਾਬਾ ਮੋਤੀ ਰਾਮ ਮਹਿਰਾ ਦੇ ਪਰਿਵਾਰ ਨੂੰ ਜੋ ਲਾਸਾਨੀ ਸ਼ਹਾਦਤਾਂ ਦੇਣੀਆਂ ਪਈਆਂ ਉਸ ਬਾਰੇ ਵੀ ਸੰਗਤਾਂ ਨੂੰ ਜਾਣੂੰ ਕਰਵਾਉਂਦਿਆਂ ਬਾਬਾ ਮੋਤੀ ਰਾਮ ਜੀ ਵਲੋਂ ਪਾਏ ਪੂਰਨਿਆਂ ਤੇ ਚੱਲਣ ਦੀ ਅਪੀਲ ਕੀਤੀ ਗਈ | ਭਾਈ ਜਗਤਾਰ ਸਿੰਘ ਨੇ ਬਾਬਾ ਜੀ ਦੇ ਨਾਮ ਤੇ ਬਣੀ ਸੋਸਾਇਟੀ ਵਲੋਂ ਹਰ ਸਾਲ ਗੁਰਮਤਿ ਸਮਾਗਮ ਕਰਵਾਉਣ ਦੀ ਵੀ ਸ਼ਲਾਘਾ ਕੀਤੀ | ਉੱਧਰ ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਤੇ ਸਕੱਤਰ ਦਰਸ਼ਨ ਸਿੰਘ ਵਲੋਂ ਪੁੱਜੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਗਿਆ | ਸਮਾਗਮਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ, ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੇ ਸਪੁੱਤਰ ਗੁਰਬਾਜ਼ ਸਿੰਘ ਸਿੱਧੂ, ਨਗਰ ਕੌਂਸਲ ਪ੍ਰਧਾਨ ਕੁਲਵੀਰ ਕੌਰ ਵਲੋਂ ਉਨ੍ਹਾਂ ਦੇ ਪਤੀ ਗੁਰਜੰਟ ਸਿੰਘ ਸਰਾਂ, ਰਵੀ ਕੁਮਾਰ ਕੋਕੀ ਤੇ ਸੁਖਦੇਵ ਸਿੰਘ ਦੋਵੇਂ ਕੌਂਸਲਰ, ਹਰਬੰਸ ਸਿੰਘ ਸਾਬਕਾ ਕਾ.ਪ੍ਰਧਾਨ ਨਗਰ ਕੌਂਸਲ, ਸੁਸਾਇਟੀ ਆਗੂ ਤੇਜਿੰਦਰ ਸਿੰਘ, ਗੁਰਸੇਵਕ ਸਿੰਘ, ਬਲਵਿੰਦਰ ਸਿੰਘ, ਜਰਨੈਲ ਪੱਪੀ, ਕਾਕਾ ਸਿੰਘ, ਅਕਾਲੀ ਆਗੂ ਹਰਤਾਬਲ ਸਿੰਘ ਸੁੱਖੀ, ਬਸਪਾ ਆਗੂ ਜੀਤ ਸਿੰਘ ਟੀ.ਟੀ., ਕਾਂਗਰਸੀ ਆਗੂ ਪ੍ਰਕਾਸ਼ ਸਿੰਘ ਬਿੱਟੂ, ਕ੍ਰਿਸ਼ਨ ਯਾਦਵ, ਜਗਦੀਪ ਸਿੰਘ ਗੋਦਾਰਾ, ਕੁਲਦੀਪ ਰਾਇਲ ਆਦਿ ਨੇ ਹਾਜ਼ਰੀ ਭਰੀ |