ਬੁਢਲਾਡਾ, 28 ਦਸੰਬਰ (ਸੁਨੀਲ ਮਨਚੰਦਾ)-ਮਨਿਸਟਰੀ ਆਫ਼ ਰੋਡ ਟਰਾਂਸਪੋਰਟ ਐਂਡ ਹਾਈਵੇ ਵਲੋਂ ਜਾਰੀ ਨਿਰਦੇਸ਼ਾਂ ਮੁਤਾਬਿਕ ਪੂਰੇ ਭਾਰਤ 'ਚ 1 ਤੋਂ 31 ਜਨਵਰੀ ਤੱਕ ਰਾਸ਼ਟਰੀ ਸੜਕ ਸੁਰੱਖਿਆ ਮਹੀਨਾ ਮਨਾਇਆ ਜਾਵੇਗਾ | ਇਸ ਦੇ ਲਈ ਸਾਰੇ ਵਿਭਾਗਾਂ ਵਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ | ਪੰਜਾਬ 'ਚ ਇਸ ਕਾਰਜ ਲਈ ਸੜਕ ਸੁਰੱਖਿਆ ਦੀ ਲੀਡ ਏਜੰਸੀ ਨੂੰ ਅੱਗੇ ਕੀਤਾ ਗਿਆ ਹੈ | ਇਸ 'ਚ ਟਰੈਫ਼ਿਕ ਪੁਲਿਸ, ਟਰਾਂਸਪੋਰਟ ਵਿਭਾਗ, ਸਿੱਖਿਆ ਵਿਭਾਗ, ਸਿਹਤ ਵਿਭਾਗ ਤੋਂ ਇਲਾਵਾ ਸੜਕਾਂ ਦਾ ਸੰਚਾਲਨ ਕਰਨ ਵਾਲੀਆਂ ਏਜੰਸੀਆਂ ਅਤੇ ਗੈਰ-ਸਰਕਾਰੀ ਜਥੇਬੰਦੀਆਂ ਵੀ ਸ਼ਾਮਿਲ ਹੋਣਗੀਆਂ | ਜਨਵਰੀ ਮਹੀਨੇ ਨੂੰ ਜ਼ੀਰੋ ਨਾਲ ਟੋਲਰੈਸ ਮਹੀਨੇ ਵਜੋਂ ਮਨਾਏ ਜਾਣ 'ਤੇ ਵਿਚਾਰ ਚੱਲ ਰਿਹਾ ਹੈ | ਇਸ ਵਾਰ ਡਰੰਕ-ਨ-ਡਰਾਈਵਿੰਗ, ਓਵਰ ਸਪੀਡ, ਰਾਗ ਸਾਈਡ ਡਰਾਈਵਿੰਗ ਅਤੇ ਹੋਰ ਮੁੱਖ ਟਰੈਫ਼ਿਕ ਉਲੰਘਣਾ 'ਤੇ ਜ਼ੋਰ ਦਿੱਤਾ ਜਾਵੇਗਾ | ਲੋਕਾਂ ਨੂੰ ਗੁੱਡ ਸਮਾਰਟਨ ਸਕੀਮ, ਹਿੱਟ ਐਂਡ ਰਨ ਮੁਆਵਜ਼ਾ ਸਕੀਮ, ਕੈਸ਼ ਲੈਸ ਟਰੀਟਮੈਂਟ ਅਤੇ ਫ਼ਰਿਸ਼ਤੇ ਸਕੀਮ ਸਬੰਧੀ ਜਾਗਰੂਕ ਕਰਨ ਲਈ ਪ੍ਰੋਗਰਾਮ ਹੋਣਗੇ | ਡਰਾਈਵਰਾਂ ਦੀ ਜਾਂਚ ਲਈ ਖ਼ਾਸ ਤੌਰ 'ਤੇ ਅੱਖਾਂ ਦਾ ਚੈੱਕਅਪ ਕੈਂਪ, ਸਕੂਲਾਂ 'ਚ ਪੋਸਟਰ ਮੇਕਿੰਗ, ਪੇਂਟਿੰਗ ਸਲੋਗਨ, ਰਾਈਟਿੰਗ, ਰੋਡ ਸੇਫ਼ਟੀ ਸੈਮੀਨਾਰ ਅਤੇ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਜਾਣਗੇ |