ਬੁਢਲਾਡਾ, 28 ਦਸੰਬਰ (ਸੁਨੀਲ ਮਨਚੰਦਾ)- ਸੜਕਾਂ ਤੋਂ ਗ਼ਾਇਬ ਚਿੱਟੀਆਂ ਤੇ ਪੀਲੀਆਂ ਪੱਟੀਆਂ ਨੇ ਲੋਕਾਂ ਦੇ ਸਾਹਾਂ ਨੂੰ ਖ਼ਤਰੇ 'ਚ ਪਾਇਆ ਹੋਇਆ ਹੈ | ਗੱਲ ਬੁਢਲਾਡਾ ਸੁਨਾਮ ਰੋਡ ਹਾਈਵੇ ਸੜਕ ਮਾਰਗ ਦੀ ਹੋਵੇ ਜਾਂ ਬੁਢਲਾਡਾ ਤੋਂ ਹਰਿਆਣਾ ਜੋੜਦੇ ਮੁੱਖ ਪਹੁੰਚ ਰਸਤਿਆਂ ਦੀ ਇਨ੍ਹਾਂ 'ਤੇ ਕੁਝ ਚਿੱਟੀਆਂ ਪੱਟੀਆਂ ਗ਼ਾਇਬ ਹਨ ਅਤੇ ਕੁਝ ਥਾਵਾਂ 'ਤੇ ਫਿੱਕੀਆਂ ਹੋ ਗਈਆਂ ਹਨ | ਨਗਰ ਸੁਧਾਰ ਸਭਾ ਦੇ ਕੋਆਰਡੀਨੇਟਰ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਸੜਕਾਂ 'ਤੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਢੁਕਵੇਂ ਪ੍ਰਬੰਧ ਕਰੇ ਅਤੇ ਸੜਕਾਂ ਦੀਆਂ ਚਿੱਟੀਆਂ ਤੇ ਪੀਲੀਆਂ ਪੱਟੀਆਂ ਵੱਲ ਗੰਭੀਰਤਾ ਨਾਲ ਧਿਆਨ ਦਿੱਤਾ ਜਾਵੇ | ਉਨ੍ਹਾਂ ਕਿਹਾ ਕਿ ਕਈ ਥਾਵਾਂ 'ਤੇ ਫਿੱਕੀਆਂ ਚਿੱਟੀਆਂ ਧਾਰੀਆਂ ਰਾਤ ਨੂੰ ਖ਼ਾਸ ਕਰ ਕੇ ਧੁੰਦ 'ਚ ਯਾਤਰਾ ਨੂੰ ਮੁਸ਼ਕਿਲ ਬਣਾਉਂਦੀਆਂ ਹਨ ਅਤੇ ਹਾਦਸਿਆਂ ਦੇ ਖ਼ਤਰੇ 'ਚ ਲਗਾਤਾਰ ਵਾਧਾ ਕਰ ਰਹੀਆਂ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸੜਕਾਂ 'ਤੇ ਸੁਰੱਖਿਆ ਨੂੰ ਯਕੀਨੀ ਬਣਾਉਣਾ ਪ੍ਰਸ਼ਾਸਨ ਅਤੇ ਨਾਗਰਿਕਾਂ ਦੋਵਾਂ ਦੀ ਜ਼ਿੰਮੇਵਾਰੀ ਹੈ |