ਭੁੱਚੋ ਮੰਡੀ, 30 ਦਸੰਬਰ (ਬਿੱਕਰ ਸਿੰਘ ਸਿੱਧੂ)-ਭਾਰਤ ਸਰਕਾਰ ਦੇ ਵਾਤਾਵਰਨ ਮੰਤਰਾਲੇ ਅਧੀਨ ਚੱਲ ਰਹੇ ਵਾਤਾਵਰਨ ਸਿੱਖਿਆ ਪ੍ਰੋਗਰਾਮ ਦੁਆਰਾ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਚੰਡੀਗੜ੍ਹ ਅਤੇ ਵਾਤਾਵਰਣ ਨੂੰ ਬਚਾਉਣ ਲਈ ਕੰਮ ਕਰਨ ਵਾਲੀ ਸੰਸਥਾ ਸੈਂਟਰ ਫਾਰ ਸਾਇੰਸ ਅਤੇ ਐਂਨਵਾਇਰਮੈਂਟ ਨਵੀਂ ਦਿੱਲੀ ਵਲੋਂ ਦੇਸ਼ ਭਰ ਦੇ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਕਰਵਾਏ ਗਏ ਗ੍ਰੀਨ ਸਕੂਲ ਪ੍ਰੋਗਰਾਮ ਦੇ ਆਡਿਟ ਵਿਚ ਬਠਿੰਡਾ ਦੇ ਸਰਕਾਰੀ ਹਾਈ ਸਮਾਰਟ ਸਕੂਲ ਚੱਕ ਰਾਮ ਸਿੰਘ ਵਾਲਾ ਨੂੰ ਲਗਾਤਾਰ ਦੂਜੀ ਵਾਰ ਗਰੀਨ ਸਕੂਲ ਐਵਾਰਡ 2026 ਲਈ ਚੁਣਿਆ ਗਿਆ ਹੈ ਜੋ ਕਿ 30 ਜਨਵਰੀ 2026 ਨੂੰ ਨਵੀਂ ਦਿੱਲੀ ਵਿਖੇ ਸਕੂਲ ਨੂੰ ਪ੍ਰਦਾਨ ਕੀਤਾ ਜਾਵੇਗਾ | ਇਸ ਤੋਂ ਪਹਿਲਾਂ ਪਿਛਲੇ ਸਾਲ ਵੀ ਸਕੂਲ ਨੂੰ ਇਸ ਐਵਾਰਡ ਨਾਲ ਨਿਵਾਜਿਆ ਗਿਆ ਸੀ | ਇਸ ਮੌਕੇ ਜਾਣਕਾਰੀ ਦਿੰਦਿਆਂ ਹੈਡਮਾਸਟਰ ਰਣਜੀਤ ਸਿੰਘ ਸੰਧੂ ਨੇ ਦੱਸਿਆ ਕਿ ਸੀ. ਐਸ. ਈ. ਵਲੋਂ ਸਾਰੇ ਭਾਰਤ ਦੇ ਸਕੂਲਾਂ ਦੀ ਹਵਾ, ਪਾਣੀ, ਭੋਜਨ, ਵਾਤਾਵਰਨ ਅਤੇ ਊਰਜਾ ਦੇ ਵੱਖ-ਵੱਖ ਪੈਰਾਮੀਟਰਾਂ ਤੇ ਵਿਸਥਾਰ ਨਾਲ ਪਰਖ ਅਤੇ ਆਡਿਟ ਕੀਤਾ ਜਾਂਦਾ ਹੈ ਜਿਵੇਂਕਿ ਸਕੂਲ ਦਾ ਪਾਣੀ ਅਤੇ ਹਵਾ ਕਿੰਨੀ ਸਾਫ਼ ਅਤੇ ਸ਼ੁੱਧ ਹੈ, ਸਕੂਲ ਦੀ ਇਮਾਰਤ ਅਤੇ ਕਲਾਸਰੂਮ ਵਿਦਿਆਰਥੀਆਂ ਦੀ ਸਿਹਤ ਅਤੇ ਵਿਕਾਸ ਲਈ ਅਨੁਕੂਲ ਹਨ, ਸਕੂਲ ਵਿਚ ਜੰਗਲ ਹੇਠ ਰਕਬਾ ਗ੍ਰੀਨ ਕਵਰ ਕਿੰਨ੍ਹਾਂ ਹੈ, ਸਕੂਲ ਵੱਖ-ਵੱਖ ਤਰ੍ਹਾਂ ਦੀ ਊਰਜਾ ਦੀ ਵਰਤੋਂ ਕਿਸ ਤਰਾਂ ਕਰਦਾ ਹੈ | ਇਸ ਮੌਕੇ ਸਰਪੰਚ ਕੇਹਰ ਸਿੰਘ ਸਿੱਧੂ ਨੇ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਕੂਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੇ ਨਾਲ-ਨਾਲ ਵਾਤਾਵਰਨ ਦੇ ਸਾਰੇ ਪੱਖਾਂ 'ਤੇ ਵੀ ਖਰਾ ਉੱਤਰਿਆ ਹੈ ਅਤੇ ਸਾਰੇ ਹੀ ਪਿੰਡ ਵਾਸੀਆਂ ਨੂੰ ਸਕੂਲ ਦੀ ਇਸ ਪ੍ਰਾਪਤੀ 'ਤੇ ਮਾਣ ਹੈ |