ਤਲਵੰਡੀ ਸਾਬੋ, 1 ਜੂਨ (ਰਣਜੀਤ ਸਿੰਘ ਰਾਜੂ)-ਗੁਰਮਤਿ ਲਹਿਰ ਨੂੰ ਹੋਰ ਪ੍ਰਚੰਡ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਸਿੱਖ ਕੌਮ ਦੇ ਚੌਥੇ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਆਰੰਭੇ ਹਫ਼ਤਾਵਾਰੀ ਗੁਰਮਤਿ ਸਮਾਗਮਾਂ ਦੀ ਲੜੀ ਚ ਅੱਜ ਇੱਕ ਸਮਾਗਮ ਕਰਵਾਇਆ ਗਿਆ ਅਤੇ ਸਮਾਗਮ ਉਪਰੰਤ ਕਰਵਾਏ ਅੰਮਿ੍ਤ ਸੰਚਾਰ ਦੌਰਾਨ 239 ਪ੍ਰਾਣੀ ਖੰਡੇ ਬਾਟੇ ਦੀ ਪਾਹੁਲ ਛਕ ਕੇ ਗੁਰੂ ਦੇ ਲੜ ਲੱਗੇ | ਧਰਮ ਪ੍ਰਚਾਰ ਕਮੇਟੀ ਸਬ ਦਫ਼ਤਰ ਇੰਚਾਰਜ ਭੋਲਾ ਸਿੰਘ ਵਲੋਂ ਮੁਹੱਈਆ ਜਾਣਕਾਰੀ ਅਨੁਸਾਰ ਗੁਰਮਤਿ ਸਮਾਗਮ 'ਚ ਤਖ਼ਤ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਨਿਰਭੈ ਸਿੰਘ ਦੇ ਜਥੇ ਨੇ ਸ਼ਬਦ ਗਾਇਨ ਕੀਤਾ | ਭਾਈ ਅਵਤਾਰ ਸਿੰਘ ਜੌੜਕੀਆਂ ਪ੍ਰਚਾਰਕ ਅਤੇ ਭਾਈ ਦਵਿੰਦਰ ਸਿੰਘ ਭੌਰਾ ਦੇ ਢਾਡੀ ਜਥੇ ਨੇ ਵੀਰ ਰਸ ਵਾਰਾਂ ਰਾਹੀਂ ਸੰਗਤਾਂ ਨੂੰ ਗੁਰਇਤਿਹਾਸ ਨਾਲ ਜੋੜਿਆ | ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ 1 ਜੂਨ 1984 ਦੇ ਇਤਿਹਾਸ ਤੋਂ ਸੰਗਤਾਂ ਨੂੰ ਜਾਣੂੰ ਕਰਵਾਇਆ | ਉੱਧਰ ਤਖ਼ਤ ਸਾਹਿਬ ਦੇ ਗੁ: ਬਾਬਾ ਬੀਰ ਸਿੰਘ ਬਾਬਾ ਧੀਰ ਸਿੰਘ ਵਿਖੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਕਰਵਾਏ ਅੰਮਿ੍ਤ ਸੰਚਾਰ ਦੌਰਾਨ 239 ਪ੍ਰਾਣੀ ਗੁਰੂ ਦੇ ਲੜ ਲੱਗੇ | ਖੰਡੇ ਬਾਟੇ ਦੀ ਪਾਹੁਲ ਛਕਣ ਵਾਲੇ ਪ੍ਰਾਣੀਆਂ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਨੇ ਮੁਬਾਰਕਬਾਦ ਦਿੰਦਿਆਂ ਹੋਰਨਾਂ ਸੰਗਤਾਂ ਨੂੰ ਵੀ ਅੰਮਿ੍ਤ ਛਕਣ ਲਈ ਪ੍ਰੇਰਿਤ ਕੀਤਾ | ਸੰਗਤਾਂ ਨੂੰ ਸੰਬੋਧਨ ਦੌਰਾਨ ਉਨ੍ਹਾਂ ਨੇ 1 ਜੂਨ ਤੋਂ 6 ਜੂਨ ਤੱਕ ਮਨਾਏ ਜਾਣ ਵਾਲੇ ਘੱਲੂਘਾਰਾ ਹਫ਼ਤੇ ਦੌਰਾਨ ਵੱਧ ਤੋਂ ਵੱਧ ਗੁਰਬਾਣੀ ਜਾਪ ਕਰਨ ਦੀ ਅਪੀਲ ਕਰਦਿਆਂ ਜੂਨ 1984 ਚ ਸਾਕਾ ਨੀਲਾ ਤਾਰਾ ਦੇ ਨਾਂ ਤੇ ਕੇਂਦਰ ਦੀ ਕਾਂਗਰਸ ਸਰਕਾਰ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕੀਤੀ ਫ਼ੌਜੀ ਕਾਰਵਾਈ ਦੀ ਘੋਰ ਨਿੰਦਿਆ ਕੀਤੀ | ਉਨ੍ਹਾਂ ਕਿਹਾ ਕਿ ਸਾਕਾ ਨੀਲਾ ਤਾਰਾ ਦੌਰਾਨ ਸ਼ਹਾਦਤਾਂ ਹਾਸਿਲ ਕਰਨ ਵਾਲਿਆਂ ਸਮੂਹ ਸ਼ਹੀਦਾਂ, ਸਿੰਘਾਂ/ਸਿੰਘਣੀਆਂ ਨੂੰ ਕੌਮ ਹਮੇਸ਼ਾ ਜਿੱਥੇ ਨਤਮਸਤਕ ਹੁੰਦੀ ਰਹੇਗੀ ਉੱਥੇ ਸਰਕਾਰ ਦੇ ਘਿਨਾਉਣੇ ਕਾਰੇ ਨੂੰ ਕੌਮ ਕਦੇ ਭੁੱਲੇਗੀ ਨਹੀ |