ਬਠਿੰਡਾ, 4 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ): ਸਾਈਬਰ ਠੱਗਾਂ ਵਲੋਂ ਸ਼ਹਿਰ ਦੀ ਇਕ ਕਾਲੋਨਾਈਜ਼ਰ ਕੰਪਨੀ ਦਾ ਪਾਰਟਨਰ ਬਣ ਕੇ ਇਕ ਬੈਂਕ ਮੈਨੇਜਰ ਤੋਂ ਖਾਤੇ ਵਿਚੋਂ 37 ਲੱਖ ਰੁਪਏ ਟਰਾਂਸਫਰ ਕਰਵਾ ਕੇ ਕੰਪਨੀ ਨਾਲ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਧੋਖਾਧੜੀ ਦਾ ਖ਼ੁਲਾਸਾ ਉਸ ਸਮੇਂ ਹੋਇਆ, ਜਦੋਂ ਖਾਤੇ ਵਿਚੋਂ ਪੈਸੇ ਟਰਾਂਸਫਰ ਦਾ ਮੈਸੇਜ ਕੰਪਨੀ ਦੇ ਹੋਰ ਪਾਰਟਨਰ ਦੇ ਕੋਲ ਗਿਆ | ਜਿਸ ਦੇ ਬਾਦ ਉਨ੍ਹਾਂ ਬੈਂਕ ਅਧਿਕਾਰੀਆਂ ਨਾਲ ਸੰਪਰਕ ਕੀਤਾ ਅਤੇ ਪੈਸੇ ਟਰਾਂਸਫਰ ਬਾਰੇ ਪੁੱਛਿਆ ਤਾਂ ਬੈਂਕ ਅਧਿਕਾਰੀਆਂ ਨੇ ਕਿਹਾ ਕਿ ਕੰਪਨੀ ਦੇ ਇਕ ਪਾਰਟਨਰ ਵਲੋਂ ਫ਼ੋਨ ਕਰਕੇ ਉਕਤ ਰਕਮ ਟਰਾਂਸਫਰ ਕਰਨ ਦੀ ਗੱਲ ਕਹਿ, ਪਰ ਜਦੋਂ ਉਕਤ ਪਾਰਟਨਰ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਉਸ ਨੇ ਕਿਸੇ ਵੀ ਬੈਂਕ ਅਧਿਕਾਰੀ ਨੂੰ ਉਕਤ ਰਕਮ ਟਰਾਂਸਫਰ ਕਰਨ ਦੇ ਲਈ ਨਹੀ ਕਿਹਾ, ਜਿਸ ਦੇ ਬਾਦ ਬੈਂਕ ਅਧਿਕਾਰੀ ਹੈਰਾਨ ਰਹਿ ਗਏ ਅਤੇ ਉਨ੍ਹਾਂ ਨੇ ਤੁਰੰਤ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ | ਥਾਣਾ ਸਿਵਲ ਲਾਇਨ ਪੁਲਿਸ ਨੇ ਬੈਂਕ ਮੈਨੇਜਰ ਦੀ ਸ਼ਿਕਾਇਤ ਦੇ ਅਧਾਰ 'ਤੇ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ | ਥਾਣਾ ਸਿਵਲ ਲਾਇਨ ਪੁਲਿਸ ਨੂੰ ਸ਼ਿਕਾਇਤ ਦਿੰਦੇ ਹੋਏ ਬੈਂਕ ਮੈਨੇਜਰ ਆਕਰਸ਼ਿਤ ਨੇ ਦੱਸਿਆ ਕਿ ਉਨ੍ਹਾਂ ਦੇ ਬੈਂਕ 'ਚ ਪਾਇਨਰ ਐਸੋ. ਫ਼ਰਮ ਦੇ ਨਾਮ 'ਤੇ ਰੇਰਾ ਅਕਾਊਾਟ ਚੱਲ ਰਿਹਾ ਹੈ | ਇਸ ਖਾਤੇ ਨੂੰ ਪਰਨਵ ਗੁਪਤਾ, ਵਰੁਣ ਗਰਗ ਅਤੇ ਧਰੁੱਵ ਗੁਪਤਾ ਖਾਤੇ ਨੂੰ ਵਰਤਦੇ ਹਨ | ਬੀਤੀ 30 ਅਗਸਤ 2025 ਨੂੰ ਪਰਨਵ ਗੁਪਤਾ ਦੇ ਨਾਮ 'ਤੇ ਵਾਟਸਅੱਪ ਕਾਲ ਉਸ ਕੋਲ ਆਈ, ਜਿਸ ਨੇ ਉਸ ਨੂੰ 13 ਲੱਖ, 14 ਲੱਖ ਅਤੇ 10 ਲੱਖ ਰੁਪਏ ਫ਼ਰਮ ਦੇ ਖਾਤੇ ਤੋਂ ਟਰਾਂਸਫਰ ਕਰਨ ਦੇ ਲਈ ਕਿਹਾ ਗਿਆ | ਕਥਿਤ ਧੋਖਾਧੜੀ ਕਰਨ ਵਾਲੇ ਪ੍ਰਣਵ ਗੁਪਤਾ ਨਾਲ ਸੰਪਰਕ ਕਰਨ 'ਤੇ ਸ਼ਿਕਾਇਤਕਰਤਾ ਤੋਂ ਐਫਡੀਆਰ ਬਣਾਉਣ ਲਈ ਮੌਜੂਦਾ ਵਿਆਜ ਦਰ ਬਾਰੇ ਪੁੱਛਗਿੱਛ ਕੀਤੀ ਗਈ, ਜਿਸ ਤੋਂ ਬਾਅਦ ਧੋਖਾਧੜੀ ਕਰਨ ਵਾਲੇ ਨੇ ਪਾਰਟਨਰ ਫ਼ਰਮ ਦੇ ਨਾਮ 'ਤੇ ਚਾਲੂ ਖਾਤੇ ਤੋਂ 1 ਕਰੋੜ ਰੁਪਏ ਦੀ ਰਕਮ ਲਈ ਐਫਡੀਆਰ ਬਣਾਉਣ ਸੰਬੰਧੀ ਕਿਹਾ ਗਿਆ, ਕਿਉਂਕਿ ਚਾਲੂ ਖਾਤਾ ਜੋ ਬੈਂਕ ਦੀ ਕਿਸੇ ਹੋਰ ਸ਼ਾਖਾ ਦੁਆਰਾ ਚਲਾਇਆ ਜਾ ਰਿਹਾ ਸੀ ਅਤੇ ਉਸ ਵਿਚ 1 ਕਰੋੜ ਰੁਪਏ ਦਾ ਬਕਾਇਆ ਨਹੀਂ ਸੀ | ਇਸ ਦੇ ਬਾਦ ਨੌਸਰਬਾਜ਼ ਨੇ ਬੈਂਕ ਮੈਨੇਜਰ ਨੂੰ ਚਾਲੂ ਖਾਤੇ ਵਿਚੋਂ ਲੈਣ ਦੇਣ ਕਰਨ ਲਈ ਕਿਹਾ ਤੇ ਵਾਟਸਅੱਪ ਦੇ ਮਾਧਿਅਮ ਰਾਹੀ ਇਕ ਫ਼ਰਮ ਦਾ ਲੇਟਰ ਹੈੱਡ ਤੇ ਪ੍ਰਨਵ ਗੁਪਤਾ ਦੇ ਦਸਤਖ਼ਤ ਵਾਂਗ ਦਸਤਖ਼ਤ ਵਾਲਾ ਪੱਤਰ ਸਾਂਝਾਂ ਕੀਤਾ ਗਿਆ, ਜੋ ਬੈਂਕ ਦੇ ਰਿਕਾਰਡ 'ਚ ਹੈ | ਜਿਸ ਵਿਚ ਰੇਰਾ ਖਾਤੇ ਨਾਲ ਇਕ ਪ੍ਰਣਵ ਗੁਪਤਾ ਦੇ ਦਸਤਖ਼ਤ ਨਾਲ ਮਿਲਦੇ-ਜੁਲਦੇ ਅਧਿਕਾਰ ਪੱਤਰ ਨੂੰ ਸਾਂਝਾ ਕੀਤਾ | ਇਸ ਤਰ੍ਹਾਂ ਸਾਈਬਰ ਠੱਗ ਵਲੋਂ ਬੈਂਕ ਮੈਨੇਜਰ ਤੋਂ 10 ਲੱਖ ਰੁਪਏ, 13 ਲੱਖ ਅਤੇ 14 ਲੱਖ ਰੁਪਏ ਦੀਆਂ ਖਾਤਿਆਂ ਵਿਚ ਟਰਾਂਜੈਕਸ਼ਨਾਂ ਕਰਵਾਈਆਂ ਗਈਆਂ | ਇਸ ਧੋਖਾਧੜੀ ਦਾ ਖ਼ੁਲਾਸਾ ਉਸ ਸਮੇਂ ਹੋਇਆ ਜਦੋਂ ਕਾਲੋਨਾਈਜ਼ਰ ਕੰਪਨੀ ਦਾ ਪਾਰਟਨਰ ਨੇ ਬੈਂਕ ਅਧਿਕਾਰੀਆਂ ਨਾਲ ਖਾਤੇ ਵਿਚੋਂ ਪੈਸੇ ਨਿਕਲਣ ਸੰਬੰਧੀ ਗੱਲਬਾਤ ਕੀਤੀ ਗਈ | ਬੈਂਕ ਮੈਨੇਜਰ ਦੀ ਸ਼ਿਕਾਇਤ ਦੇ ਅਧਾਰ 'ਤੇ ਪੁਲਿਸ ਨੇ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਇਸ ਮਾਮਲੇ ਸੰਬੰਧੀ ਥਾਣਾ ਸਿਵਲ ਲਾਇਨ ਦੇ ਐੱਸ.ਐੱਚ.ਓ ਹਰਜੋਤ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਦੇ ਹੋਏ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |