ਬਠਿੰਡਾ, 4 ਸਤੰਬਰ (ਸੱਤਪਾਲ ਸਿੰਘ ਸਿਵੀਆਂ)- ਸੂਬੇ ਅੰਦਰ ਹੜ੍ਹਾਂ ਦੀ ਮਾਰ ਹੇਠਾਂ ਆਏ ਲੋਕਾਂ ਦੀ ਜਿੱਥੇ ਵੱਖ-ਵੱਖ ਸੰਸਥਾਵਾਂ ਵਲੋਂ ਡਟਵੀਂ ਮੱਦਦ ਕੀਤੀ ਜਾ ਰਹੀ ਹੈ, ਉੱਥੇ ਪੰਜਾਬ ਦਾ ਅਧਿਆਪਕ ਵਰਗ ਦੀ ਪੀੜਤਾਂ ਦੀ ਸਹਾਇਤਾ ਲਈ ਅੱਗੇ ਆਇਆ ਹੈ, ਜਿਸ ਵਲੋਂ ਡੈਮੋਕੇ੍ਰਟਿਕ ਟੀਚਰਜ਼ ਫ਼ਰੰਟ ਪੰਜਾਬ ਦੀ ਅਗਵਾਈ 'ਚ ਸਾਢੇ 26 ਲੱਖ ਤੋਂ ਵੱਧ ਰੁਪਏ ਦੀ ਸਹਾਇਤਾ ਰਾਸ਼ੀ ਇਕੱਤਰ ਕਰਦਿਆਂ ਵੱਖ-ਵੱਖ ਲੋੜੀਂਦੀਆਂ ਚੀਜ਼ਾਂ ਹੜ ਪ੍ਰਭਾਵਿਤ ਇਲਾਕਿਆਂ 'ਚ ਪਹੁੰਚਾਈਆਂ ਜਾ ਰਹੀਆਂ ਹਨ | ਡੈਮੋਕੇ੍ਰਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ, ਵਿੱਤ ਸਕੱਤਰ ਅਸ਼ਵਨੀ ਅਵਸਥੀ ਤੇ ਸੂਬਾ ਉੱਪ-ਪ੍ਰਧਾਨ ਜਗਪਾਲ ਬੰਗੀ ਅਤੇ ਡੈਮੋਕੇ੍ਰਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ, ਜਨਰਲ ਸਕੱਤਰ ਹਰਦੀਪ ਟੋਡਰਪੁਰ ਤੇ ਵਿੱਤ ਸਕੱਤਰ ਹਰਿੰਦਰ ਦੁਸਾਂਝ ਨੇ ਕਿਹਾ ਕਿ ਇਸ ਮੁਹਿੰਮ ਨੂੰ ਉਨ੍ਹਾਂ ਨੇ 'ਸੰਘਰਸ਼ ਵੀ-ਸੇਵਾ ਵੀ' ਦਾ ਨਾਂਅ ਦਿੰਦਿਆਂ ਹੜ੍ਹ ਪੀੜਤਾਂ ਦੀ ਮੱਦਦ ਲਈ ਦੋਵੇਂ ਜਥੇਬੰਦੀਆਂ ਨਾਲ ਜੁੜੇ ਅਧਿਆਪਕਾਂ ਅਤੇ ਮੁਲਾਜ਼ਮਾਂ ਤੋਂ 26 ਲੱਖ 50 ਹਜ਼ਾਰ 555 ਰੁਪਏ ਦੀ ਸਹਾਇਤਾ ਰਾਸ਼ੀ ਇਕੱਤਰ ਕੀਤੀ ਹੈ, ਜਿਨ੍ਹਾਂ ਰਾਹੀਂ ਰਾਸ਼ਨ, ਦਵਾਈਆਂ, ਡਾਇਪਰ, ਸਕੂਲੀ ਬੱਚਿਆਂ ਲਈ ਕਾਪੀਆਂ-ਕਿਤਾਬਾਂ-ਪੈੱਨ, ਕੱਪੜੇ, ਬੂਟ-ਜ਼ੁਰਾਬਾਂ, ਸੈਨੇਟਰੀ ਨੈਪਕਿਨ, ਪਸ਼ੂਆਂ ਲਈ ਚਾਰਾ, ਤੂੜੀ ਅਤੇ ਦਵਾਈਆਂ ਦੀ ਖ਼ਰੀਦ ਕਰਕੇ ਅੱਜ 'ਅਧਿਆਪਕ ਦਿਵਸ ਮੌਕੇ' 5 ਅਤੇ 6 ਸਤੰਬਰ ਨੂੰ ਹੜ ਪ੍ਰਭਾਵਿਤ ਜ਼ਿਲਿ੍ਹਆਂ ਗੁਰਦਾਸਪੁਰ, ਅੰਮਿ੍ਤਸਰ, ਤਰਨਤਾਰਨ, ਕਪੂਰਥਲਾ, ਫ਼ਾਜ਼ਿਲਕਾ, ਫ਼ਿਰੋਜ਼ਪੁਰ ਅਤੇ ਹੋਰਨਾਂ ਖੇਤਰਾਂ ਦੇ ਪੀੜਤ ਲੋਕਾਂ ਤੱਕ ਪਹੁੰਚਾਈਆਂ ਜਾਣਗੀਆਂ | ਜਦਕਿ ਫ਼ਾਜ਼ਿਲਕਾ, ਫ਼ਿਰੋਜ਼ਪੁਰ, ਕਪੂਰਥਲਾ ਤੇ ਗੁਰਦਾਸਪੁਰ 'ਚ ਇਹ ਸੇਵਾ ਸ਼ੁਰੂ ਕਰ ਦਿੱਤੀ ਹੈ | ਉਨ੍ਹਾਂ ਕਿਹਾ ਕਿ ਇਸ ਕੰਮ ਦੀ ਯੋਜਨਾਬੰਦੀ ਤੇ ਨਿਗਰਾਨੀ ਲਈ ਮਹਿੰਦਰ ਕੌੜਿਆਂਵਾਲੀ, ਅਸ਼ਵਨੀ ਅਵਸਥੀ, ਕੁਲਵਿੰਦਰ ਜੋਸ਼ਨ ਤੇ ਤੇਜਿੰਦਰ ਕਪੂਰਥਲਾ ਦੀ ਚਾਰ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ | ਇਸ ਤੋਂ ਇਲਾਵਾ ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਬੇਅੰਤ ਫੂਲੇਵਾਲਾ, ਹਰਜਿੰਦਰ ਵਡਾਲਾ ਬਾਂਗਰ, ਰਘਵੀਰ ਭਵਾਨੀਗੜ੍ਹ, ਮੁਕੇਸ਼ ਕੁਮਾਰ, ਕੁਲਵਿੰਦਰ ਜੋਸ਼ਨ, ਜਸਵਿੰਦਰ ਔਜਲਾ, ਪਵਨ ਮੁਕਤਸਰ, ਸੁਖਦੇਵ ਡਾਨਸੀਵਾਲ, ਤਜਿੰਦਰ ਸਿੰਘ, ਗੁਰਵਿੰਦਰ ਫ਼ਾਜ਼ਿਲਕਾ, ਹਰਵਿੰਦਰ ਰੱਖੜਾ, ਹਰਵਿੰਦਰ ਅੱਲੂਵਾਲ, ਸੁਖਵਿੰਦਰ ਗਿਰ, ਵਿਕਰਮਜੀਤ ਮਾਲੇਰਕੋਟਲਾ, ਜਤਿੰਦਰ ਸਿੰਘ, ਰਮਨਜੀਤ ਸੰਧੂ, ਮਲਕੀਤ ਹਰਾਜ, ਅਮੋਲਕ ਡੇਲੂਆਣਾ ਤੇ ਪ੍ਰਤਾਪ ਸਿੰਘ ਦੀਆਂ ਹੜ ਪ੍ਰਭਾਵਿਤ ਜ਼ਿਲਿ੍ਹਆਂ 'ਚ ਟੀਮਾਂ ਡੱਟ ਗਈਆਂ ਹਨ |