ਬਠਿੰਡਾ, 4 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ ਅਤੇ ਆਸ-ਪਾਸ ਦੇ ਖੇਤਰਾਂ 'ਚ ਲਗਾਤਾਰ ਪੈ ਰਹੇ ਮੀਂਹ ਕਾਰਨ ਲੋਕਾਂ ਦੇ ਘਰ ਵਗੈਰਾ ਨੁਕਸਾਨੇ ਜਾਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ ਤੇ ਹੁਣ ਸਥਾਨਕ ਬਲਰਾਜ ਨਗਰ 'ਚ ਇਕ ਮਜ਼ਦੂਰ ਪਰਿਵਾਰ ਦੇ ਘਰ ਦੀ ਛੱਤ ਡਿੱਗ ਪਈ ਹੈ | ਇਸ ਦੌਰਾਨ ਜਿੱਥੇ ਘਰ ਦੇ ਇਕ ਲੜਕੇ ਦੇ ਮਾਮੂਲੀ ਸੱਟਾਂ ਲੱਗੀਆਂ ਹਨ, ਉੱਥੇ ਉਕਤ ਕਮਰੇ ਅੰਦਰ ਪਿਆ ਸਾਰਾ ਸਮਾਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ | ਬਲਰਾਜ ਨਗਰ ਦੀ ਗਲੀ ਨੰਬਰ 5 ਦੀ ਵਸਨੀਕ ਸੀਮਾ ਦੇਵੀ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦਾ ਸਾਰਾ ਪਰਿਵਾਰ ਘਰ ਦੇ ਇਕ ਕਮਰੇ ਅੰਦਰ ਸੁੱਤਾ ਪਿਆ ਸੀ ਕਿ ਰਾਤ ਦੇ ਕਰੀਬ ਤਿੰਨ ਕੁ ਵਜੇ ਅਚਾਨਕ ਛੱਤ 'ਚੋਂ ਕੁਝ ਮਲਬਾ ਹੇਠਾਂ ਡਿੱਗਿਆ ਤੇ ਖਤਰੇ ਨੂੰ ਭਾਂਪਦਿਆਂ ਉਹ ਕਮਰੇ 'ਚੋਂ ਬਾਹਰ ਆ ਗਏ ਪਰ ਦੇਖਦੇ ਹੀ ਦੇਖਦੇ ਉਨ੍ਹਾਂ ਦੇ ਕਮਰੇ ਦੀ ਛੱਤ ਡਿੱਗ ਪਈ, ਜਿਸ ਦੌਰਾਨ ਸਮਾਨ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਹੋਏ ਉਨ੍ਹਾਂ ਦੇ ਲੜਕੇ ਦੇ ਸਿਰ ਤੇ ਬਾਂਹ 'ਤੇ ਮਾਮੂਲੀ ਸੱਟਾਂ ਲੱਗੀਆਂ ਹਨ | ਉਨ੍ਹਾਂ ਦੱਸਿਆ ਕਿ ਛੱਤ ਡਿੱਗਣ ਕਰਕੇ ਉਨ੍ਹਾਂ ਦਾ ਕਮਰੇ 'ਚ ਪਿਆ ਬੈੱਡ, ਕੂਲਰ, ਕੁਰਸੀਆਂ, ਅਲਮਾਰੀ, ਐਲ. ਈ. ਡੀ. ਅਤੇ ਰਾਸ਼ਨ ਸਮੇਤ ਹੋਰ ਘਰੇਲੂ ਸਮਾਨ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਹੈ ਤੇ ਉਨ੍ਹਾਂ ਦਾ ਆਰਥਿਕ ਪੱਖੋਂ ਵੱਡਾ ਨੁਕਸਾਨ ਹੋਇਆ ਹੈ | ਪੀੜ੍ਹਤ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਕਮਰੇ ਦੀ ਛੱਤ ਦੀ ਮੁੜ ਉਸਾਰੀ ਲਈ ਮੁਆਵਜ਼ਾ ਦਿੱਤਾ ਜਾਵੇ, ਕਿਉਂਕਿ ਉਹ ਦਿਹਾੜੀਦਾਰ ਪਰਿਵਾਰ ਹੋਣ ਕਰਕੇ ਐਨੇ ਵੱਡੇ ਨੁਕਸਾਨ ਨੂੰ ਝੱਲਣ ਤੋਂ ਅਸਮਰੱਥ ਹੈ |
ਬਲਰਾਜ ਨਗਰ 'ਚ ਮਜ਼ਦੂਰ ਪਰਿਵਾਰ ਦੇ ਘਰ ਦੀ ਛੱਤ ਡਿਗੀ, ਸਾਮਾਨ ਬੁਰੀ ਤਰ੍ਹਾਂ ਨੁਕਸਾਨਿਆ
ਅਜੀਤ ਡੈਸਕ
05-09-2025