ਭੀਖੀ ਇਲਾਕੇ 'ਚ ਭਰਵੀਂ ਬਾਰਿਸ਼ ਕਾਰਨ ਸਥਿਤੀ ਫਿਰ ਵਿਗੜੀ, ਕਸਬੇ ਦੇ 5 ਵਾਰਡਾਂ 'ਚ ਮੀਂਹ ਦਾ ਪਾਣੀ ਭਰਿਆ
ਅਜੀਤ ਡੈਸਕ
05-09-2025
ਸਰਹਿੰਦ ਚੋਅ 'ਚ ਪਾਣੀ ਦਾ ਪੱਧਰ ਵਧਣ ਨਾਲ ਕਿਸਾਨਾਂ 'ਚ ਚਿੰਤਾ
ਬੀਤੀਕੱਲ੍ਹ ਤੋਂ ਸੂਬੇ ਵਿਚ ਪੈ ਰਹੀ ਭਾਰੀ ਬਰਸਾਤ ਕਾਰਨ ਸਰਹਿੰਦ ਚੋਅ ਦੇ ਪਾਣੀ ਦੇ ਪੱਧਰ 'ਚ ਮੁੜ ਵਾਧਾ ਹੋਇਆ ਹੈ | ਅੱਜ ਪਿੰਡ ਹੋਡਲਾ ਕਲਾਂ ਤੇ ਧਲੇਵਾਂ ਵਿਚਕਾਰ ਕਮਜ਼ੋਰ ਪਟੜੀ ਤੋਂ ਨਾਲੇ ਦਾ ਪਾਣੀ ਟੁੱਟਣ ਕਿਨਾਰੇ ਸੀ | ਵਰ੍ਹਦੇ ਮੀਂਹ ਵਿਚ ਵੱਖ-ਵੱਖ ਪਿੰਡਾਂ ਦੇ ਗੁਰਦੁਆਰਿਆਂ 'ਚ ਪਟੜੀ ਟੁੱਟਣ ਦੀ ਸੰਭਾਵਨਾ ਦੀਆਂ ਅਨਾਊਾਸਮੈਂਟਾਂ 'ਤੇ ਪਿੰਡਾਂ ਦੇ ਲੋਕਾਂ ਨੇ ਟਰੈਕਟਰ-ਟਰਾਲੀਆਂ ਨਾਲ ਮਿੱਟੀ ਪਾ ਕੇ ਪਟੜੀ ਨੂੰ ਕੁਝ ਹੱਦ ਤੱਕ ਮਜ਼ਬੂਤ ਕਰ ਲਿਆ ਹੈ ਪ੍ਰੰਤੂ ਨਾਲਾ ਟੁੱਟਣ ਦਾ ਡਰ ਹਾਲੇ ਵੀ ਬਰਕਰਾਰ ਹੈ | ਡਰੇਨਜ਼ ਵਿਭਾਗ ਦੇ ਜੇ.ਈ ਸੁਖਦੀਪ ਸਿੰਘ ਨੇ ਦੱਸਿਆ ਕਿ ਸਰਹਿੰਦ ਚੋਅ 'ਚ ਖ਼ਤਰੇ ਦਾ ਪੱਧਰ 7 ਫੁੱਟ ਤੱਕ ਹੈ ਪ੍ਰੰਤੂ ਨਾਲੇ 'ਚ ਪਾਣੀ ਦਾ ਵਹਾਅ ਸਵਾ 6 ਫੁੱਟ 'ਤੇ ਚੱਲ ਰਿਹਾ ਹੈ |
ਪ੍ਰਸ਼ਾਸਨ ਵਲੋਂ ਬਣਾਏ ਰਾਹਤ ਕੈਂਪਾਂ 'ਤੇ ਨਜ਼ਰਸਾਨੀ ਦੀ ਜ਼ਰੂਰਤ
ਬਾਰਿਸ਼ ਕਾਰਨ ਕਿਸੇ ਵੀ ਹੰਗਾਮੀ ਹਾਲਾਤਾਂ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਬੇਸ਼ੱਕ ਮਾਨਸਾ ਸਬ ਡਵੀਜ਼ਨ ਵਿਚ ਪਿੰਡ ਫਫੜੇ ਭਾਈਕੇ, ਬੱਪੀਆਣਾ ਅਤੇ ਰੱਲਾ ਵਿਖੇ ਰਾਹਤ ਕੈਂਪਾਂ ਦਾ ਪ੍ਰਬੰਧ ਕੀਤਾ ਹੈ ਪ੍ਰੰਤੂ ਪਿਛਲੇ 40 ਸਾਲਾਂ ਤੋਂ ਇਸ ਖ਼ਿੱਤੇ ਵਿਚ ਤਵਾਰਿਖੀ ਹੜ੍ਹਾਂ ਦੇ ਪਾਣੀ ਨੇ ਪਿੰਡ ਹਮੀਰਗੜ੍ਹ ਢੈਪਈ, ਬੀਰ ਖ਼ੁਰਦ, ਹੋਡਲਾ ਕਲਾ, ਜੱਸੜ ਵਾਲਾ, ਮੋਹਰ ਸਿੰਘ ਵਾਲਾ, ਧਲੇਵਾਂ ਨੂੰ ਵੱਧ ਨੁਕਸਾਨ ਪਹੁੰਚਾਇਆ ਹੈ | ਇਸ ਤੋਂ ਇਲਾਵਾ ਹੀਰੋਂ ਕਲਾਂ, ਖੀਵਾ ਕਲਾਂ, ਖੀਵਾ ਦਿਆਲੂ ਵਾਲਾ, ਖੀਵਾ ਖ਼ੁਰਦ, ਗੁੜਥੜੀ, ਮੱਤੀ, ਸਮਾਉਂ, ਅਤਲਾ ਖ਼ੁਰਦ ਅਤੇ ਪਿੰਡ ਕੋਟੜਾ ਦੀਆਂ ਫ਼ਸਲਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਸੀ | ਜੇਕਰ ਇਸ ਵਾਰ ਵੀ ਮੀਂਹ ਕਾਰਨ ਦਿੱਕਤ ਆਉਂਦੀ ਹੈ ਤਾਂ ਉਕਤ ਪਿੰਡ ਫਿਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ | ਜ਼ਿਲ੍ਹਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਖ਼ਿੱਤੇ ਦੀ ਭੂਗੋਲਿਕ ਸਥਿਤੀ ਨੂੰ ਦੇਖਦੇ ਹੋਏ 1 ਰਾਹਤ ਕੈਂਪ ਭੀਖੀ ਵਿਖੇ ਸਥਾਪਿਤ ਕੀਤਾ ਜਾਵੇ |