ਰਾਮਾਂ ਮੰਡੀ, 4 ਸਤੰਬਰ (ਤਰਸੇਮ ਸਿੰਗਲਾ)-ਸਰਕਾਰ ਦੀਆਂ ਬਦਲਾਖੋਰੀ ਨੀਤੀਆਂ ਕਾਰਨ ਪਿੰਡ ਲਾਲੇਆਣਾ ਵਿਖੇ ਮੂਸਲਾਧਾਰ ਮੀਂਹ ਕਾਰਨ ਛੱਪੜ ਓਵਰਫਲੋ ਹੋਣ ਕਰਕੇ ਪਾਣੀ ਘਰਾਂ ਵਿਚ ਦਾਖ਼ਲ ਹੋ ਕੇ ਨੁਕਸਾਨ ਪਹੁੰਚਾ ਰਿਹਾ ਹੈ, ਜਿਸ ਕਾਰਨ ਪਿੰਡ ਵਿਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ | ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਪਿੰਡ ਦਾ ਸਰਪੰਚ ਸਰਕਾਰ ਵਿਰੋਧੀ ਪਾਰਟੀ ਦਾ ਹੋਣ ਕਾਰਨ ਸਰਕਾਰ ਵਲੋਂ ਨਾ ਸਿਰਫ਼ ਪੰਚਾਇਤ ਦੀਆਂ ਗ੍ਰਾਂਟਾਂ ਰੋਕੀਆਂ ਗਈਆਂ ਹਨ, ਬਲਕਿ ਪਾਣੀ ਦੀ ਨਿਕਾਸੀ ਵਾਲੀਆਂ ਮੋਟਰਾਂ ਦੇ ਕੁਨੈਕਸ਼ਨ ਵੀ ਕੱਟ ਦਿੱਤੇ ਗਏ ਹਨ | ਪਿੰਡ ਵਾਸੀਆਂ ਨੇ ਦੱਸਿਆ ਕਿ ਸਰਪੰਚ ਬੂਟਾ ਸਿੰਘ ਵਲੋਂ ਆਪਣੇ ਪੱਲਿਉਂ ਪੈਸਾ ਖਰਚ ਕਰਕੇ ਘਰਾਂ ਵਿਚ ਦਾਖ਼ਲ ਹੋਇਆ ਮੀਂਹ ਦਾ ਪਾਣੀ ਕਢਵਾਇਆ ਗਿਆ ਹੈ ਅਤੇ ਗਲੀ ਵਿਚ ਭਰੇ ਪਾਣੀ ਨੂੰ ਕੱਢਣ ਲਈ ਜੇਸੀਬੀ ਮਸ਼ੀਨ ਛੱਪੜ ਵਿਚ ਡੂੰਘਾ ਟੋਆ ਪੁੱਟਣ ਲਈ ਲਾਈ ਗਈ ਹੈ ਤਾਂ ਕਿ ਪਾਣੀ ਦੀ ਨਿਕਾਸੀ ਹੋ ਸਕੇ | ਪਿੰਡ ਵਾਸੀਆਂ ਨੇ ਸਰਕਾਰ ਦੀਆਂ ਬਦਲਾਖੋਰੀ ਨੀਤੀਆਂ ਦੀ ਨਿੰਦਾ ਕੀਤੀ ਹੈ ਅਤੇ ਕਿਹਾ ਕਿ ਜੇ ਸਰਕਾਰ ਵਲੋਂ ਚੁਣੀਆਂ ਹੋਈਆਂ ਪੰਚਾਇਤਾਂ ਨਾਲ ਧੱਕੇਸ਼ਾਹੀ ਹੀ ਕਰਨੀ ਸੀ ਤਾਂ ਚੋਣਾਂ ਕਰਾਉਣ ਦੀ ਬਜਾਏ ਸਰਕਾਰ ਵਲੋਂ ਪੰਚਾਇਤਾਂ ਨਾਮਜ਼ਦ ਕਰਨ ਦਾ ਕਾਨੂੰਨ ਪਾਸ ਕਰ ਦੇਣਾ ਚਾਹੀਦਾ ਸੀ |