ਮੁੱਦਕੀ, 24 ਨਵੰਬਰ (ਭਾਰਤ ਭੂਸ਼ਨ ਅਗਰਵਾਲ)-ਚੰਡੀਗੜ੍ਹ ਨੂੰ ਪੰਜਾਬ ਤੋਂ ਖੋਹਣ ਦੀਆਂ ਕੇਂਦਰ ਸਰਕਾਰ ਵਲੋਂ ਰਚੀਆਂ ਜਾ ਰਹੀਆਂ ਸਾਜ਼ਿਸ਼ਾਂ ਨੇ ਸਾਬਤ ਕਰ ਦਿੱਤਾ ਹੈ ਕਿ ਕੇਂਦਰ ਸਰਕਾਰ ਪੰਜਾਬ ਦੇ ਹੱਕਾਂ ਪ੍ਰਤੀ ਕਿੰਨੀ ਘਾਤਕ ਹੈ | ਇਹ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਇਕਾਈ ਮੁੱਦਕੀ ਦੇ ਪ੍ਰਧਾਨ ਗੁਰਜੰਟ ਸਿੰਘ ਬਰਾੜ, ਜੋਗਿੰਦਰ ਸਿੰਘ ਸੰਧੂ ਛਿੰਦਾ ਇਕਾਈ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਡਕੌਦਾ ਮੁੱਦਕੀ ਨੇ ਕਰਦਿਆਂ ਕਿਹਾ ਕਿ ਭਾਜਪਾ ਕੇਂਦਰ ਸਰਕਾਰ ਵਲੋਂ ਆਪਣੇ ਕਾਰਜਕਾਲ ਦੌਰਾਨ ਕਿਸਾਨ, ਮਜ਼ਦੂਰਾਂ ਤੋਂ ਲੈ ਕੇ ਪੰਜਾਬ ਦੇ ਹਰ ਵਰਗ ਦੇ ਹੱਕਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ, ਜਿਵੇਂ ਕਿ ਪਹਿਲਾਂ ਤਿੰਨ ਕਿਸਾਨੀ ਬਿੱਲਾਂ ਦਾ ਮਾਮਲਾ ਪੈਦਾ ਕੀਤਾ, ਫਿਰ ਕਿਸਾਨਾਂ ਦੇ ਐਮ. ਐੱਸ. ਪੀ. ਨੂੰ ਲੈ ਕੇ ਵਿਵਾਦ ਖੜ੍ਹਾ ਕਰਵਾਇਆ, ਭਾਖੜਾ ਡੈਮ ਤੋਂ ਪੰਜਾਬ ਦਾ ਹੱਕ ਖੋਹਿਆ, ਦੇਸ਼ ਦੀ ਵੰਡ ਤੋਂ ਪਹਿਲਾਂ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਤੋਂ ਖੋਹਣ ਦੀ ਸਾਜ਼ਿਸ਼ ਰਚੀ ਗਈ, ਜੋ ਅਸਹਿਣਯੋਗ ਹੈ | ਗੁਰਜੰਟ ਸਿੰਘ ਬਰਾੜ ਤੇ ਜੋਗਿੰਦਰ ਸਿੰਘ ਸੰਧੂ ਛਿੰਦਾ ਨੇ ਕਿਹਾ ਕਿ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਾਇਆ ਚੰਡੀਗੜ੍ਹ ਸ਼ਹਿਰ ਨੂੰ ਹੁਣ ਕੇਂਦਰ ਸਰਕਾਰ ਸਿੱਧਾ ਆਪਣੇ ਅਧੀਨ ਕੰਟਰੋਲ ਕਰਨ ਦਾ ਬਿੱਲ ਲਿਆ ਰਹੀ ਹੈ, ਜੋ ਪੰਜਾਬੀਆਂ ਨਾਲ ਵੱਡਾ ਧੋਖਾ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਹਿਤੈਸ਼ੀ ਗੱਲਾਂ ਕਰਨ ਵਾਲੇ ਕੁਝ ਭਾਜਪਾ ਲੀਡਰ ਵੀ ਸਤਾ ਲਾਲਚ ਵਿਚ ਚੁੱਪੀ ਸਾਧੀ ਬੈਠੇ ਹਨ, ਪਰ ਸੂਬੇ ਦਾ ਕਿਸਾਨ ਪੰਜਾਬ ਦੇ ਹੱਕਾਂ 'ਤੇ ਡਾਕੇ ਨਹੀਂ ਵੱਜਣ ਦੇਵੇਗਾ |