ਸੰਗਤ ਮੰਡੀ, 21 ਦਸੰਬਰ (ਅੰਮਿ੍ਤਪਾਲ ਸ਼ਰਮਾ)-ਸੰਗਤ ਮੰਡੀ ਵਿਖੇ 'ਰੰਗਰੇਟੇ ਗੁਰੂ ਕੇ ਬੇਟੇ' ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਗਏ | ਸੰਗਤ ਮੰਡੀ ਦੇ ਵਾਰਡ ਨੰਬਰ-9 ਦੇ ਕੌਂਸਲਰ ਰਣਜੀਤ ਸਿੰਘ 'ਨਿੱਕਾ' ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ 'ਰੰਗਰੇਟੇ ਗੁਰੂ ਕੇ ਬੇਟੇ' ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਅਤੇ ਚਮਕੌਰ ਦੀ ਗੜ੍ਹੀ ਦੇ ਸ਼ਹੀਦਾਂ ਦੀ ਯਾਦ 'ਚ ਵਾਰਡ ਨੰਬਰ-9 ਦੀ ਧਰਮਸ਼ਾਲਾ 'ਚ ਅਖੰਡ ਪਾਠ ਕਰਵਾਏ ਗਏ | ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਉੱਘੇ ਧਰਮ ਪ੍ਰਚਾਰਕ ਬਾਬਾ ਗੁਰਸੇਵਕ ਸਿੰਘ ਜੀ ਦੇ ਕੀਰਤਨੀ ਜਥੇ ਵਲੋਂ ਦੀਵਾਨ ਸਜਾ ਕੇ ਧਾਰਮਿਕ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਉਨ੍ਹਾਂ ਦੱਸਿਆ ਕਿ ਗੁਰੂਘਰ ਦੇ ਸ਼ਰਧਾਲੂ ਭਾਈ ਜੈਤਾ ਜੀ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮਿ੍ਤਪਾਨ ਕਰਕੇ ਕਿਵੇਂ ਭਾਈ ਜੈਤਾ ਜੀ ਤੋਂ ਬਾਬਾ ਜੀਵਨ ਸਿੰਘ ਬਣੇ ਅਤੇ ਦਿੱਲੀ 'ਚ ਸ਼ਹੀਦ ਕੀਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਦਿੱਲੀ ਤੋਂ ਸ਼੍ਰੀ ਅਨੰਦਪੁਰ ਸਾਹਿਬ ਤੱਕ ਲੈ ਕੇ ਆਏ, ਇਸ ਤਰ੍ਹਾਂ ਦੀ ਬਹਾਦਰੀ ਦੀ ਮਿਸਾਲ ਦੁਨੀਆਂ 'ਚ ਕਿਤੇ ਵੀ ਹੋਰ ਨਹੀਂ ਮਿਲਦੀ | ਉਨ੍ਹਾਂ ਸ਼ਹੀਦੀ ਦਿਹਾੜੇ ਮੌਕੇ ਗੁਰੂਘਰਾਂ 'ਚ ਸਾਦਾ ਲੰਗਰ ਵਰਤਾਏ ਜਾਣ ਦੀ ਲੋੜ ਤੇ ਵੀ ਜੋਰ ਦਿੱਤਾ | ਇਸ ਮੌਕੇ ਓ.ਐੱਸ.ਡੀ. ਗੁਰਚਰਨ ਸਿੰਘ ਬਰਾੜ, ਨਗਰ ਕੌਂਸਲ ਸੰਗਤ ਦੇ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ, ਦਰਸ਼ਨ ਸਿੰਘ ਗਿੱਲ ਬਲਾਕ ਸੰਮਤੀ ਮੈਂਬਰ, ਰੇਸ਼ਮ ਸਿੰਘ ਸਾਬਕਾ ਸਰਪੰਚ, ਸੁਖਮੰਦਰ ਸਿੰਘ ਸਾਬਕਾ ਸਰਪੰਚ ਕੋਠੇ ਸੰਗਤ ਕਲਾਂ, ਮੋਹਣਾ ਸਿੰਘ ਖ਼ਾਲਸਾ, ਸੋਹਣਾ ਸਿੰਘ ਖ਼ਾਲਸਾ, ਰਣਜੀਤ ਸਿੰਘ ਕੌਂਸਲਰ, ਭਿੰਦਰ ਸਿੰਘ, ਹਰਮੇਲ ਸਿੰਘ, ਜਸਕਰਨ ਸਿੰਘ, ਪਾਲੀ ਸਿੰਘ, ਬਲਜੀਤ ਸਿੰਘ ਟੇਲਰ, ਗੁਰਪ੍ਰੀਤ ਸਿੰਘ, ਸੋਮਾ ਸਿੰਘ, ਸੁਖਦੇਵ ਸਿੰਘ, ਅਮੀਚੰਦ ਸਿੰਘ, ਅਤੇ ਅਮਰੀਕ ਸਿੰਘ ਆਦਿ ਹਾਜ਼ਰ ਸਨ |