31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਚੱਕ ਫਤਹਿ ਸਿੰਘ ਵਾਲਾ ਦੀਆਂ ਦੋਵੇਂ ਪੰਚਾਇਤਾਂ ਦੀ ਨਗਰ ਕੌਂਸਲ ਭੁੱਚੋ ਨੂੰ ਚਿਤਾਵਨੀ <br/>

Ad Position 21
No active advertisement
ਅਜੀਤ ਡੈਸਕ 24-12-2025
ਭੁੱਚੋ ਮੰਡੀ, 23 ਦਸੰਬਰ (ਪਰਵਿੰਦਰ ਸਿੰਘ ਜੌੜਾ)- ਸੀਵਰੇਜ ਦੀ ਲੀਕੇਜ ਤੋਂ ਅੱਕੇ ਚੱਕ ਫਤਿਹ ਸਿੰਘ ਵਾਲਾ ਦੀਆਂ ਦੋਵੇਂ ਪੰਚਾਇਤਾਂ ਵਲੋਂ ਨਗਰ ਕੌਂਸਲ ਭੁੱਚੋ ਮੰਡੀ ਨੂੰ ਲਿਖਤੀ ਚਿਤਾਵਨੀ ਦਿੱਤੀ ਗਈ ਹੈ ਕਿ ਗੁਰੂ ਅਰਜਨ ਦੇਵ ਨਗਰ ਕੋਲ ਹੁੰਦੀ ਸੀਵਰੇਜ ਦੀ ਲੀਕੇਜ ਨੂੰ ਖ਼ਤਮ ਕਰੋ, ਨਹੀਂ ਤਾਂ ਪਿੰਡ ਵਿਚ ਦੀ ਲੰਘਦੀ ਭੁੱਚੋ ਮੰਡੀ ਦੇ ਸੀਵਰੇਜ ਦੀ ਪਾਈਪ ਨੂੰ ਬੰਦ ਕਰ ਦਿੱਤਾ ਜਾਵੇਗਾ | ਦੱਸ ਦਈਏ ਕਿ ਭੁੱਚੋ ਮੰਡੀ ਤੋਂ 'ਆਪ' ਦੇ ਮੌਜੂਦਾ ਵਿਧਾਇਕ ਮਾ. ਜਗਸੀਰ ਸਿੰਘ ਦੇ ਜੱਦੀ ਪਿੰਡ ਚੱਕ ਫਤਿਹ ਸਿੰਘ ਵਾਲਾ ਨੂੰ ਜਾਂਦੀ ਮੁੱਖ ਸੜਕ 'ਤੇ ਗੁਰੂ ਅਰਜਨ ਦੇਵ ਨਗਰ ਕੋਲ ਪਿਛਲੇ 5/6 ਮਹੀਨਿਆਂ ਤੋਂ ਭੁੱਚੋ ਮੰਡੀ ਦੇ ਸੀਵਰੇਜ ਦੀ ਪਾਈਪ ਲਗਾਤਾਰ ਲੀਕ ਹੋ ਰਹੀ ਹੈ, ਕਾਰਨ ਇੱਥੇ ਇਕ ਤਾਂ ਗੰਦੀ ਬਦਬੂ ਨਾਲ ਜ਼ਿੰਦਗੀ ਨਰਕ ਬਣੀ ਹੋਈ ਹੈ, ਦੂਜਾ ਸੜਕ ਨੇ ਗੰਦੀ ਝੀਲ ਦਾ ਰੂਪ ਧਾਰ ਲਿਆ ਹੈ | ਸੜਕ ਦਾ ਉਕਤ ਹਿੱਸਾ ਬਿਖਰ ਕੇ ਖ਼ਤਮ ਹੋ ਚੁੱਕਾ ਹੈ ਅਤੇ ਲੋਕਾਂ ਲਈ ਇਹ ਸੜਕ ਲੰਘ ਕੇ ਜਾਣਾ ਸੰਭਵ ਹੀ ਨਹੀਂ ਰਿਹਾ ਹੈ | ਜਿਹੜੇ ਘਰ ਇਸ ਸੜਕ ਦੇ ਕਿਨਾਰੇ ਵਸੇ ਹਨ, ਉਨ੍ਹਾਂ ਦੀ ਹਾਲਤ ਵੀ ਨਰਕ ਵਰਗੀ ਬਣੀ ਹੋਈ ਹੈ | ਮਹਿਲਾ ਪੰਚ ਦੇ ਪਤੀ ਅਮਨਦੀਪ ਸਿੰਘ ਦਾ ਕਹਿਣਾ ਸੀ ਕਿ ਹਰ ਵੇਲੇ ਖੜ੍ਹੇ ਗੰਦੇ ਪਾਣੀ ਦੀ ਸੜ੍ਹਾਂਦ ਕਾਰਨ 2 ਡੰਗ ਦੀ ਰੋਟੀ ਨਿਗਲਣ ਵੇਲੇ ਕਾਲਜਾ ਬਾਹਰ ਨੂੰ ਆਉਂਦਾ ਹੈ | ਚੱਕ ਫਤਿਹ ਸਿੰਘ ਵਾਲਾ ਦੇ ਅਧਿਕਾਰਤ ਪੰਚ ਬਲਤੇਜ ਸਿੰਘ ਅਤੇ ਭਾਈ ਹਰਜੋਗਿੰਦਰ ਸਿੰਘ ਨਗਰ ਦੀ ਸਰਪੰਚ ਹਰਪ੍ਰੀਤ ਕੌਰ ਦੇ ਪਤੀ ਇਕਬਾਲ ਸਿੰਘ ਦਾ ਕਹਿਣਾ ਸੀ ਕਿ ਦੋਵੇਂ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਕਰੀਬ ਅੱਧੀ ਦਰਜਨ ਵਾਰ ਨਗਰ ਕੌਂਸਲ ਦੇ ਪ੍ਰਬੰਧਕਾਂ ਨੂੰ ਮਾਮਲੇ ਦੇ ਹੱਲ ਲਈ ਬੇਨਤੀਆਂ ਕੀਤੀਆਂ ਜਾ ਚੁੱਕੀਆਂ ਹਨ, ਪ੍ਰੰਤੂ ਸਥਿਤੀ ਸੁਧਰਨੀ ਤਾਂ ਦੂਰ, ਸਗੋਂ ਦਿਨੋਂ-ਦਿਨ ਗੰਭੀਰ ਹੁੰਦੀ ਜਾਂਦੀ ਹੈ ਅਤੇ ਨਗਰ ਕੌਂਸਲ ਪ੍ਰਬੰਧਕਾਂ ਵਲੋਂ ਇਸ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ | ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨੂੰ ਆਉਣ-ਜਾਣ ਲਈ ਹੋਰਨਾਂ ਰਸਤਿਆਂ ਦੀ ਵਰਤੋਂ ਕਰਨੀ ਪੈਂਦੀ ਹੈ, ਕਾਰਨ ਵੱਡੀ ਪ੍ਰੇਸ਼ਾਨੀ ਆਉਂਦੀ ਹੈ | ਉਨ੍ਹਾਂ ਨਗਰ ਕੌਂਸਲ ਦੇ ਪ੍ਰਬੰਧਕਾਂ ਨੂੰ ਲਿਖਤੀ ਪੱਤਰ ਦਿੰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਇਸ ਸਮੱਸਿਆ ਦਾ ਪੱਕਾ ਹੱਲ ਨਾ ਕੀਤਾ ਗਿਆ ਤਾਂ ਭੁੱਚੋ ਮੰਡੀ ਦੇ ਸੀਵਰੇਜ ਦੀ ਚੱਕ ਫਤਿਹ ਸਿੰਘ ਵਾਲਾ 'ਚੋਂ ਦੀ ਲੰਘਦੀ ਪਾਈਪ ਨੂੰ ਬੰਦ ਕਰ ਦਿੱਤਾ ਜਾਵੇਗਾ ਤੇ ਇਸ ਦੀ ਸਾਰੀ ਜ਼ਿੰਮੇਵਾਰੀ ਨਗਰ ਕੌਂਸਲ ਭੁੱਚੋ ਦੀ ਹੋਵੇਗੀ | ਇਸ ਮੌਕੇ ਸਾਬਕਾ ਪੰਚ ਬੂਟਾ ਸਿੰਘ, ਰਮਨਦੀਪ ਸਿੰਘ, ਫਤਿਹ ਸਿੰਘ ਅਤੇ ਗੱਗੀ ਸਿੰਘ ਵੀ ਮੌਜੂਦ ਸਨ | ਮਾਮਲੇ ਸਬੰਧੀ ਗੱਲ ਕਰਨ 'ਤੇ ਸਥਾਨਕ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਨਰਿੰਦਰ ਕੁਮਾਰ ਨੇ ਕਿਹਾ ਕਿ ਉਹ ਭਲਕੇ ਹੀ ਜੇ. ਸੀ. ਬੀ. ਵਗ਼ੈਰਾ ਮੰਗਵਾ ਕੇ ਇਸ ਸਮੱਸਿਆ ਦਾ ਹੱਲ ਕਰਵਾਉਣਗੇ |

Ad Position 22
No active advertisement
ਪਿਛਲੀ ਖ਼ਬਰ ਪਦਮਸ਼੍ਰੀ ਜਤਿੰਦਰ ਸਿੰਘ ਸ਼ੰਟੀ ਵਲੋਂ 'ਸਾਡੀਆਂ ਰੋਜ਼ਾਨਾ ਜ਼ਰੂਰਤਾਂ ਅਤੇ ਪੰਜਾਬ ਰਾਜ ਵਿਚ ਮਨੁੱਖੀ ਅਧਿਕਾਰ' ਵਿਸ਼ੇ 'ਤੇ... ਅਗਲੀ ਖ਼ਬਰ ਟਕਸਾਲੀ ਅਕਾਲੀ ਆਗੂ ਜਥੇਦਾਰ ਜਗਸੀਰ ਸਿੰਘ ਬੱਲੂਆਣਾ ਨੂੰ ਸ਼ਰਧਾਂਜਲੀਆਂ ਭੇਟ <br/>
Ad Position 24