ਡੀ.ਸੀ ਰਿਹਾਇਸ਼ੀ ਕੰਪਲੈਕਸ (ਜਲ ਘਰ) ਦਾ ਕਰੋੜਾਂ ਰੁਪਏ ਦਾ ਸੁੰਦਰੀਕਰਨ ਪ੍ਰੋਜੈਕਟ ਹੋਇਆ ਬਦਰੰਗ
ਸ੍ਰੀ ਮੁਕਤਸਰ ਸਾਹਿਬ, 30 ਅਗਸਤ (ਹਰਮਹਿੰਦਰ ਪਾਲ)-ਨਗਰ ਕੌਂਸਲ ਵਲੋਂ ਡਿਪਟੀ ਕਮਿਸ਼ਨਰ ਰਿਹਾਇਸ਼ੀ ਕੰਪਲੈਕਸ (ਜਲ ਘਰ) ਦੇ ਸੁੰਦਰੀਕਰਨ ਦਾ ਪ੍ਰੋਜੈਕਟ 3 ਨਵੰਬਰ 2025 ਨੂੰ 1 ਕਰੋੜ 3 ਲੱਖ 85 ਹਜ਼ਾਰ 113 ਰੁਪਏ ਵਿਚ ਅਲਾਟ ਕੀਤਾ ਗਿਆ ਸੀ। ਇਸ ਪ੍ਰੋਜੈਕਟ ਵਿਚ ਨਵੇਂ ਪੌਦੇ ਤੇ ਰੁੱਖ ਲਾਉਣ, ਰੌਸ਼ਨੀ, ਸਾਊਂਡ ਸਿਸਟਮ , ਫੁਹਾਰੇ, ਫੁੱਟਪਾਥ ਅਤੇ ਚਾਰਦੀਵਾਰੀ ਦੇ ਕੰਮ ਸ਼ਾਮਿਲ ਸਨ।
ਸ੍ਰੀ ਮੁਕਤਸਰ ਸਾਹਿਬ, 30 ਅਗਸਤ (ਹਰਮਹਿੰਦਰ ਪਾਲ)-ਨਗਰ ਕੌਂਸਲ ਵਲੋਂ ਡਿਪਟੀ ਕਮਿਸ਼ਨਰ ਰਿਹਾਇਸ਼ੀ ਕੰਪਲੈਕਸ (ਜਲ ਘਰ) ਦੇ ਸੁੰਦਰੀਕਰਨ ਦਾ ਪ੍ਰੋਜੈਕਟ 3 ਨਵੰਬਰ 2025 ਨੂੰ 1 ਕਰੋੜ 3 ਲੱਖ 85 ਹਜ਼ਾਰ 113 ਰੁਪਏ ਵਿਚ ਅਲਾਟ ਕੀਤਾ ਗਿਆ ਸੀ। ਇਸ ਪ੍ਰੋਜੈਕਟ ਵਿਚ ਨਵੇਂ ਪੌਦੇ ਤੇ ਰੁੱਖ ਲਾਉਣ, ਰੌਸ਼ਨੀ, ਸਾਊਂਡ ਸਿਸਟਮ , ਫੁਹਾਰੇ, ਫੁੱਟਪਾਥ ਅਤੇ ਚਾਰਦੀਵਾਰੀ ਦੇ ਕੰਮ ਸ਼ਾਮਿਲ ਸਨ। ਮੰਨਜ਼ੂਰਸ਼ੁਦਾ ਸਾਈਟ ਪਲਾਨ ਵਿਚ ਜਲ ਘਰ ਅਤੇ ਡੀ.ਸੀ. ਕੰਪਲੈਕਸ ਦੇ ਖੇਤਰ ਨੂੰ ਬਹੁਤ ਹੀ ਆਧੁਨਿਕ ਅਤੇ ਖੂਬਸੂਰਤ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਹੈ। ਟੈਂਕਾਂ ਅਤੇ ਰਸਤਿਆਂ ਦੇ ਨਾਲ-ਨਾਲ ਹਰੀਆਂ ਪੱਟੀਆਂ, ਰੰਗ-ਬਿਰੰਗੇ ਫੁੱਲਦਾਰ ਪੌਦੇ, ਛਾਂਦਾਰ ਰੁੱਖ ਅਤੇ ਘਾਹ ਲਗਾਉਣ ਲਈ ਜਗ੍ਹਾ ਨਿਸ਼ਾਨਬੱਧ ਕੀਤੀ ਗਈ ਹੈ। ਭਾਵੇਂ ਕਿ ਨਗਰ ਕੌਂਸਲ ਵਲੋਂ ਸ਼ਹਿਰ ਦੇ ਇਸ ਮਹੱਤਵਪੂਰਨ ਖੇਤਰ ਨੂੰ ਇਕ ਸੁੰਦਰ ਅਤੇ ਆਕਰਸ਼ਕ ਸੈਰ-ਗਾਹ ਵਜੋਂ ਵਿਕਸਿਤ ਕਰਨ ਲਈ ਲੱਖਾਂ-ਕਰੋੜਾਂ ਰੁਪਏ ਦੇ ਟੈਂਡਰ ਪਾਸ ਕੀਤੇ ਗਏ ਹਨ, ਪ੍ਰੰਤੂ ਠੇਕੇਦਾਰ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਪ੍ਰੋਜੈਕਟ ਨਿਸ਼ਚਿਤ ਸਮੇਂ ਤੋਂ ਕਾਫ਼ੀ ਪਿੱਛੇ ਚੱਲ ਰਿਹਾ ਹੈ। ਇਹ ਕੰਮ ਫ਼ਰਵਰੀ ਤੱਕ ਪੂਰਾ ਕਰਨਾ ਸੀ, ਪਰ ਪ੍ਰੋਜੈਕਟ ਠੇਕੇਦਾਰ ਦੀ ਸੁਸਤੀ ਅਤੇ ਲਾਪ੍ਰਵਾਹੀ ਕਰਕੇ ਇਹ ਕੰਮ ਅਜੇ ਤੱਕ ਵੀ ਲਟਕ ਰਿਹਾ ਹੈ। ਲੈਂਡ ਸਕੇਪਿੰਗ ਲਈ ਕਿਆਰੀਆਂ ਡੇਢ ਫੁੱਟ ਡੂੰਘੀਆਂ ਕਰਕੇ ਖੇਤ ਦੀ ਮਿੱਟੀ ਅਤੇ ਜੈਵਿਕ ਖਾਦ ਪਾ ਕੇ ਬੂਟੇ ਲਾਉਣੇ ਸਨ। ਬੂਟੇ ਲਾਉਣ ਦਾ ਇਹ ਸਮਾਂ ਲੰਘ ਗਿਆ ਤਾਂ ਪ੍ਰੋਜੈਕਟ ਮਾਰਚ ਤੱਕ ਲਟਕ ਜਾਵੇਗਾ। ਪਰ ਕੰਪਲੈਕਸ ਵਿਚ ਇਕ ਵੀ ਕਿਆਰੀ ਤਿਆਰ ਨਹੀਂ ਅਤੇ ਨਾ ਹੀ ਕੋਈ ਬੂਟਾ ਲਾਇਆ ਗਿਆ ਹੈ। ਜਿਹੜਾ ਕੰਮ ਹੋਇਆ ਹੈ, ਉਸ ਵਿਚ ਵੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ‘ਸਮਾਰਟ ਮਾਰਨਿੰਗ ਵਾਕ’ ਦੇ ਮੈਂਬਰ ਤੇ ਕੁਦਰਤ ਪ੍ਰੇਮੀ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਹ ਜਲ ਘਰ ਕੰਪਲੈਕਸ ਵਿਚ ਪਿਛਲੇ 7 ਸਾਲਾਂ ਤੋਂ ਰੁੱਖ ਲਾ ਅਤੇ ਪਾਲ ਰਹੇ ਹਨ। ਠੇਕੇਦਾਰ ਵਲੋਂ ਇਕ ਵੀ ਬੂਟਾ ਨਹੀਂ ਲਾਇਆ ਗਿਆ। ਜਿਹੜਾ ਫੁੱਟਪਾਥ ਬਣਾਇਆ ਗਿਆ ਹੈ, ਉਹ ਜਲ ਘਰ ਦੇ ਸਟੋਰ ਟੈਂਕਾਂ ਤੋਂ ਉੱਚਾ ਹੈ। ਇਸ ਕਰਕੇ ਫੁੱਟਪਾਥ ਉੱਪਰ ਪਸ਼ੂਆਂ ਦੇ ਮਲ-ਮੂਤਰ ਵਾਲਾ ਪਾਣੀ ਪੀਣ ਵਾਲੇ ਪਾਣੀ ਦੀਆਂ ਡਿਗੀਆਂ ਵਿਚ ਪੈਂਦਾ ਹੈ। ਫੁੱਟਪਾਥ ਦੇ ਪਾਸੇ ਮਿੱਟੀ ਨਾ ਹੋਣ ਕਰਕੇ ਇਹ ਟੁੱਟਣ ਲੱਗਿਆ ਹੈ ਅਤੇ ਬਾਰਿਸ਼ ਦੇ ਪਾਣੀ ਦੀ ਕੋਈ ਨਿਕਾਸੀ ਨਹੀਂ ਹੈ। ਇਸ ਤੋਂ ਇਲਾਵਾ ਨਵੇਂ ਲਾਏ ਬਿਜਲੀ ਦੇ ਖੰਭਿਆਂ ਵਿਚੋਂ ਅੱਧੇ ਬੰਦ ਪਏ ਹਨ। ਚਾਰਦੀਵਾਰ ਟੁੱਟੀ ਹੋਣ ਕਰਕੇ ਪਸ਼ੂ ਜਲ ਘਰ ਵਿਚ ਆ ਜਾਂਦੇ ਹਨ ਅਤੇ ਮਲ-ਮੂਤਰ ਕਰਕੇ ਪੀਣ ਵਾਲਾ ਪਾਣੀ ਦੂਸ਼ਿਤ ਕਰਦੇ ਹਨ। ਲੋਕਾਂ ਦੀ ਮੰਗ ਹੈ ਕਿ ਸਾਰਾ ਪ੍ਰੋਜੈਕਟ ਸਮੇਂ ਸਿਰ ਪੂਰਾ ਕੀਤਾ ਜਾਵੇ, ਨਹੀਂ ਤਾਂ ਕਰੋੜਾਂ ਰੁਪਏ ਲੱਗੇ ਬੇਅਰਥ ਹੋ ਜਾਣਗੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਜਲ ਘਰ ’ਚ ਪ੍ਰੋਜੈਕਟ ਬੋਰਡ ਵੀ ਲਾਇਆ ਜਾਵੇ ਤਾਂ ਜੋ ਹੁਣ ਵਾਲੇ ਕੰਮ ਅਤੇ ਕੰਮ ਕਰਨ ਵਾਲੇ ਠੇਕੇਦਾਰ ਤੇ ਅਧਿਕਾਰੀ ਬਾਰੇ ਲੋਕਾਂ ਨੂੰ ਪਤਾ ਲੱਗ ਸਕੇ। ਅਧਿਕਾਰੀ ਵੀ ਠੇਕੇਦਾਰ ’ਤੇ ਔਖੇ ਜਨ ਸਿਹਤ ਵਿਭਾਗ ਦੇ ਐਸ.ਡੀ.ਓ. ਜਗਮੋਹਨ ਸਿੰਘ ਨੇ ਦੱਸਿਆ ਕਿ ਜਲ ਘਰ ਦੀ ਕੰਧ ਟੁੱਟੀ ਹੋਣ ਕਰਕੇ ਪਸ਼ੂ ਤੇ ਨਸ਼ੇੜੀ ਜਲ ਘਰ ਵਿਚ ਆ ਜਾਂਦੇ ਹਨ। ਪਸ਼ੂ ਕੰਪਲੈਕਸ ਵਿਚ ਮਲ-ਮੂਤਰ ਕਰਦੇ ਹਨ ਅਤੇ ਇਹੋ ਗੰਦਗੀ ਪਾਣੀ ਦੇ ਟੈਂਕਾਂ ਵਿਚ ਜਾਂਦੀ ਹੈ। ਬੂਟੇ ਵੀ ਖ਼ਰਾਬ ਹੁੰਦੇ ਹਨ ਤੇ ਗੰਦਗੀ ਫੈਲਦੀ ਹੈ। ਇਸ ਲਈ ਠੇਕੇਦਾਰ ਨੂੰ ਕੰਮ ਜਲਦੀ ਮੁਕੰਮਲ ਕਰਨ ਲਈ ਕਈ ਚਿੱਠੀਆਂ ਕੱਢੀਆਂ ਹਨ, ਪਰ ਉਸ ਦੀ ਸਿਹਤ ’ਤੇ ਕੋਈ ਅਸਰ ਨਹੀਂ ਹੋ ਰਿਹਾ। ਕੌਂਸਲ ਦੇ ਕਾਰਜਸਾਧਕ ਅਫ਼ਸਰ ਵਰੁਣ ਸਹੋਤਾ ਨੇ ਦੱਸਿਆ ਕਿ ਕੌਂਸਲ ਵਲੋਂ ਠੇਕੇਦਾਰ ਫਰਮ ਸਾਗਰ ਇੰਟਰਪ੍ਰਾਈਜ਼ਿਜ਼ ਵਲੋਂ ਜਨਵਰੀ ਅਤੇ ਮਾਰਚ ਵਿਚ ਨੋਟਿਸ ਜਾਰੀ ਕੀਤੇ ਗਏ ਸਨ, ਜਿਸ ’ਤੇ ਠੇਕੇਦਾਰ ਨੇ ਜੁਲਾਈ ਵਿਚ ਕੰਮ ਮੁਕੰਮਲ ਕਰਨ ਲਈ ਕਿਹਾ ਸੀ। ਪਰ ਅਜੇ ਵੀ ਲੈਂਡਸਕੇਪਿੰਗ, ਸਾਊਂਡ ਸਿਸਟਮ, ਚਾਰਦੀਵਾਰੀ ਅਤੇ ਹੋਰ ਕੁਝ ਕੰਮ ਸ਼ੁਰੂ ਨਹੀਂ ਹੋਏ। ਇਸ ਸਬੰਧੀ ਵੀ ਵਿਭਾਗ ਵਲੋਂ ਠੇਕੇਦਾਰ ਨੂੰ ਨੋਟਿਸ ਜਾਰੀ ਕੀਤਾ ਹੋਇਆ ਹੈ ਅਤੇ ਜਲਦੀ ਹੀ ਕੰਮ ਮੁਕੰਮਲ ਕਰਵਾਇਆ ਜਾਵੇਗਾ। ਜੇ ਫਿਰ ਵੀ ਨਾ ਕੀਤਾ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।