ਖੰਨਾ, 31 ਮਈ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)-ਅੱਜ ਜੀ. ਟੀ. ਰੋਡ ਸਮਰਾਲਾ ਚੌਂਕ ਦੇ ਫਲਾਈਓਵਰ ਉੱਪਰ ਦੋ ਜੀਪਾਂ ਦੀ ਟੱਕਰ ਆਪਸੀ ਟੱਕਰ ਵਿਚ ਇੱਕ ਬਲੈਰੋ ਜੀਪ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ | ਟਰੈਫ਼ਿਕ ਇੰਚਾਰਜ ਰਵਿੰਦਰ ਕੁਮਾਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੁਲ ਦੇ ਉੱਪਰ ਪਹਿਲਾਂ ਤੋਂ ਇੱਕ ਜੀਪ ਜਿਸ ਦਾ ਹਿੱਸਾ ਟੁੱਟਿਆ ਹੋਇਆ ਸੀ, ਖ਼ਰਾਬ ਖੜੀ ਸੀ | ਇਸ ਜੀਪ ਵਿਚ ਪਲਾਸਟਿਕ ਦਾਣਾ ਲੋੜ ਸੀ | ਡਰਾਈਵਰ ਜੈੱਕ ਲਗਾ ਰਿਹਾ ਸੀ ਕਿ ਅਚਾਨਕ ਸਰਹਿੰਦ ਸਾਈਡ ਤੋਂ ਆ ਰਹੀ ਇਕ ਹੋਰ ਤੇਜ ਰਫ਼ਤਾਰ ਬਲੈਰੋ ਨੇ ਉਸ ਦੇ ਪਿੱਛੇ ਟੱਕਰ ਮਾਰੀ, ਇਸ ਜ਼ਬਰਦਸਤ ਟੱਕਰ ਵਿਚ ਪਿੱਛੇ ਤੋਂ ਲੱਗੀ ਬਲੈਰੋ ਦਾ ਕੈਬਿਨ ਚਕਨਾਚੂਰ ਹੋ ਗਿਆ | ਇਸ ਜੀਪ ਵਿਚ ਏ. ਸੀ. ਲੱਧੇ ਹੋਏ ਸਨ | ਇਸ ਹਾਦਸੇ ਕਾਰਨ ਜੀ. ਟੀ. ਰੋਡ ਤੇ ਅਚਾਨਕ ਜਾਮ ਲੱਗ ਗਿਆ | ਟਰੈਫ਼ਿਕ ਇੰਚਾਰਜ ਨੇ ਦੱਸਿਆ ਕਿ ਸਾਨੂੰ ਪਤਾ ਲੱਗਣ ਤੇ ਕੁੱਝ ਮਿੰਟਾਂ ਵਿਚ ਹੀ ਅਸੀਂ ਮੌਕੇ 'ਤੇ ਪਹੁੰਚੇ ਅਤੇ ਡਰਾਈਵਰ ਨੂੰ ਬਾਹਰ ਕੱਢਿਆ ਅਤੇ ਉਸ ਦੀ ਜਾਨ ਬਚਾਈ | ਪੁਲਿਸ ਨੇ ਕਰੇਨ ਦੀ ਉਡੀਕ ਨਾ ਕਰਦੇ ਹੋਏ ਟਰੈਫ਼ਿਕ ਮੁਲਾਜ਼ਮਾਂ ਅਤੇ ਐਸ. ਐਸ. ਐਫ. ਦੀ ਟੀਮ ਨੇ ਮਿਲ ਕੇ ਬਲੈਰੋ ਨੂੰ ਪਿੱਛੇ ਖਿਚ ਕੇ ਪਾਸੇ ਕੀਤਾ ਅਤੇ ਟਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਇਆ | ਇਸ ਮੌਕੇ ਖ਼ਰਾਬ ਖੜੀ ਗੱਡੀ ਦੇ ਡਰਾਈਵਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਮੈਂ ਸਮਾਣੇ ਤੋਂ ਲੁਧਿਆਣੇ ਵੱਲ ਨੂੰ ਜਾ ਰਿਹਾ ਸੀ ਮੇਰੀ ਗੱਡੀ ਦੇ ਪਿਛਲੇ ਹਿੱਸੇ 'ਚ ਖ਼ਰਾਬੀ ਆ ਗਈ ਸੀ ਪਿੱਛੋਂ ਅਚਾਨਕ ਆਈ ਜੀਪ ਨੇ ਟੱਕਰ ਮਾਰੀ ਤੇ ਮੈਂ ਬਾਲ ਬਾਲ ਬਚਿਆ ਡਰਾਈਵਰ ਦਰਗੇਸ ਨੇ ਦੱਸਿਆ ਕਿ ਮੈਂ ਦਿੱਲੀ ਤੋਂ ਲੁਧਿਆਣੇ ਵੱਲ ਨੂੰ ਜਾ ਰਿਹਾ ਸੀ | ਜਦੋਂ ਮੈਂ ਖੰਨੇ ਸਮਰਾਲਾ ਰੋਡ ਕੋਲੋਂ ਉੱਪਰ ਪਹੁੰਚਿਆ ਤਾਂ ਮੇਰੇ ਅੱਗੇ ਜਾ ਰਹੀ ਕਾਰ ਨੇ ਅਚਾਨਕ ਕੱਟ ਮਾਰ ਦਿੱਤਾ | ਜਿਸ ਨਾਲ ਮੇਰੀ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਇਸ ਖੜੀ ਗੱਡੀ ਵਿਚ ਮੇਰੀ ਗੱਡੀ ਜਾ ਟਕਰਾਈ | ਇਸ ਮੌਕੇ ਟਰੈਫ਼ਿਕ ਦੇ ਥਾਣੇਦਾਰ ਸਤਵਿੰਦਰ ਸਿੰਘ, ਐਸ. ਐਸ. ਐਫ. ਦੇ ਇੰਚਾਰਜ ਸੁਖਵਿੰਦਰ ਸਿੰਘ, ਕਾਂਸਟੇਬਲ ਗੁਰਕਰਨ ਸਿੰਘ, ਕੁਲਦੀਪ ਸਿੰਘ ਅਤੇ ਸੰਦੀਪ ਕੌਰ ਆਦਿ ਹਾਜ਼ਰ ਸਨ |