ਜੌੜੇਪੁਲ ਜਰਗ, 1 ਜੂਨ (ਪਾਲਾ ਰਾਜੇਵਾਲੀਆ)-ਲੂਲੇ੍ਹ, ਲੰਗੜੇ, ਅਪਾਹਜ, ਯਤੀਮਾ, ਪਾਗਲਾਂ ਅਤੇ ਬੇ-ਸਹਾਰਿਆਂ ਦਾ ਸਹਾਰਾ ਬਣ ਕੇ ਮਨੁੱਖਤਾ ਦੀ ਨਿਸ਼ਕਾਮ ਸੇਵਾ ਕਰਨ ਵਾਲੇ ਮਨੁੱਖਤਾ ਦੇ ਮਸੀਹਾ ਭਗਤ ਪੂਰਨ ਸਿੰਘ (ਬਾਨੀ ਪਿੰਗਲਵਾੜਾ ਅੰਮਿ੍ਤਸਰ) ਦਾ ਜਨਮ ਦਿਹਾੜਾ ਉਨ੍ਹਾਂ ਦੀ ਜਨਮ ਨਗਰੀ ਪਿੰਡ ਰਾਜੇਵਾਲ ਵਿਖੇ 4 ਜੂਨ ਨੂੰ ਪੂਰੀ ਸ਼ਰਧਾ ਤੇ ਸਤਿਕਾਰ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ | ਨਗਰ ਨਿਵਾਸੀਆਂ ਦੇ ਸਾਂਝੇ ਉਦਮ ਸਦਕਾ ਭਗਤ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 31 ਮਈ ਤੋਂ ਰੋਜਾਨਾ ਰਾਤ ਨੂੰ ਕੀਰਤਨ ਦੀਵਾਨ ਸਜਦੇ ਹਨ | ਸਿੱਖ ਪੰਥ ਦੇ ਮਹਾਨ ਵਿਦਵਾਨਾਂ ਵਲੋਂ ਕੱਲ੍ਹ ਰਾਤ ਸਿੱਖ ਇਤਿਹਾਸ ਵਿਚ ਮਨੁੱਖਤਾ ਦੀ ਮਹਾਨ ਸੇਵਾ ਦੇ ਮਹੱਤਵ ਬਾਰੇ ਚਾਨਣਾ ਪਾਉਂਦਿਆਂ ਭਗਤ ਪੂਰਨ ਸਿੰਘ ਦੁਆਰਾ ਮਨੁੱਖਤਾ ਪ੍ਰਤੀ ਕੀਤੀਆਂ ਸੇਵਾਵਾਂ ਅਤੇ ਨਿਸ਼ਕਾਮ ਸੇਵਾਵਾਂ ਬਾਰੇ ਚਾਨਣਾ ਪਾਇਆ | ਪ੍ਰਬੰਧਕਾਂ 'ਚੋਂ ਕਰਨੈਲ ਸਿੰਘ ਰਾਜੇਵਾਲ ਤੇ ਹੋਰਨਾਂ ਨੇ ਦੱਸਿਆ ਕਿ 2 ਜੂਨ ਨੂੰ ਦਸਤਾਰ ਮੁਕਾਬਲੇ ਹੋਣਗੇ ਅਤੇ ਇਨ੍ਹਾਂ ਮੁਕਾਬਲਿਆਂ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ | ਉਨ੍ਹਾਂ ਦੱਸਿਆ ਕਿ ਦਸਤਾਰ ਮੁਕਾਬਲਿਆਂ 'ਚ ਜੇਤੂ ਰਹਿਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ | ਇਸ ਸਮਾਗਮ ਸਬੰਧੀ ਰੋਜ਼ਾਨਾਂ ਹੀ ਮੀਟਿੰਗ ਕੀਤੀ ਜਾਂਦੀ ਹੈ ਤਾਂ ਜੋ ਭਗਤ ਪੂਰਨ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੋਣ ਵਾਲੇ ਸਮਾਗਮਾਂ ਨੂੰ ਯਾਦਗਾਰੀ ਬਣਾਇਆ ਜਾ ਸਕੇ | ਕਰਨੈਲ ਸਿੰਘ ਰਾਜੇਵਾਲ ਨੇ ਅੱਗੇ ਦੱਸਿਆ ਕਿ 4 ਜੂਨ ਨੂੰ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਅਮਰ ਸਿੰਘ ਐਮ. ਪੀ., ਸਾਬਕ ਮੰਤਰੀ ਗੁਰਕੀਰਤ ਸਿੰਘ ਕੋਟਲੀ, ਰੁਪਿੰਦਰ ਸਿੰਘ ਰਾਜਾ ਗਿੱਲ, ਹਲਕਾ ਇੰਚਾਰਜ ਕਾਂਗਰਸ ਸਮਰਾਲਾ, ਯਾਦਵਿੰਦਰ ਸਿੰਘ ਯਾਦੂ ਹਲਕਾ ਇੰਚਾਰਜ ਖੰਨਾ ਸ਼ੋ੍ਰਮਣੀ ਅਕਾਲੀ ਦਲ, ਸ਼ੋ੍ਰਮਣੀ ਕਮੇਟੀ ਮੈਂਬਰ ਦਵਿੰਦਰ ਸਿੰਘ ਖੱਟੜਾ ਸਮੇਤ ਹੋਰ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਸ਼ਖ਼ਸੀਅਤਾਂ ਸ਼ਿਰਕਤ ਕਰਨਗੀਆਂ |