ਖੰਨਾ, 2 ਜੂਨ (ਮਨਜੀਤ ਸਿੰਘ ਧੀਮਾਨ)-ਮਾੜੇ ਅਨਸਰਾਂ ਅਤੇ ਨਸ਼ਾ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਖੰਨਾ ਪੁਲੀਸ ਨੂੰ ਉਦੋਂ ਵੱਡੀ ਸਫਲਤਾ ਮਿਲੀ, ਜਦੋਂ ਪੁਲੀਸ ਨੇ 4 ਦੇਸੀ ਪਿਸਤੌਲ, ਬਿਨ੍ਹਾਂ ਨੰਬਰੀ ਸਮੇਤ ਮੈਗਜ਼ੀਨ ਅਤੇ ਕਾਰਤੂਸ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਜ਼ਿਲ੍ਹਾ ਖੰਨਾ ਦੇ ਐਸ. ਐਸ. ਪੀ. ਡਾ. ਜੋਤੀ ਯਾਦਵ, ਐਸ. ਪੀ. (ਡੀ.) ਪਵਨਜੀਤ ਚੌਧਰੀ ਦੇ ਦਿਸ਼ਾ ਨਿਰਦੇਸ਼ਾਂ ਤੇ ਕਾਰਵਾਈ ਕਰਦਿਆਂ ਡੀ. ਐਸ. ਪੀ. ਡੀ. ਮੋਹਿਤ ਕੁਮਾਰ ਸਿੰਗਲਾ ਅਤੇ ਇੰਸਪੈਕਟਰ ਹਰਦੀਪ ਸਿੰਘ ਦੀ ਅਗਵਾਈ ਵਿਚ ਪੁਲੀਸ ਪਾਰਟੀ ਪਿ੍ਸਟਾਈਨ ਮਾਲ ਨੇੜੇ ਨਾਕਾਬੰਦੀ ਕਰਕੇ ਵਾਹਨਾਂ ਦੀ ਜਾਂਚ ਕਰ ਰਹੀ ਸੀ ਤਾਂ ਕਿਸੇ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਹਰਪਾਲ ਸਿੰਘ ਵਾਸੀ ਦਿਆਲਗੜ੍ਹ ਬੁੱਟਰ ਸਿਵੀਆਂ (ਅੰਮਿ੍ਤਸਰ) ਜੋ ਨਜਾਇਜ਼ ਅਸਲਾ ਅਤੇ ਰੌਂਦ ਲੈ ਕੇ ਅੰਬਾਲਾ-ਲੁਧਿਆਣਾ ਰੋਡ ਤੋਂ ਬੱਸ ਰਾਹੀਂ ਆ ਰਿਹਾ ਹੈ, ਜਿਸ 'ਤੇ ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਨਾਕਾਬੰਦੀ ਦੌਰਾਨ ਬੱਸਾਂ ਦੀ ਜਾਂਚ ਕਰਕੇ ਹਰਪਾਲ ਸਿੰਘ ਨੂੰ 4 ਦੇਸੀ ਪਿਸਟਲ, ਬਿਨ੍ਹਾਂ ਨੰਬਰੀ ਸਮੇਤ ਮੈਗਜ਼ੀਨ ਅਤੇ 5 ਕਾਰਤੂਸ 32 ਬੋਰ ਨਾਲ ਗਿ੍ਫ਼ਤਾਰ ਕੀਤਾ | ਪੁਲਿਸ ਨੇ ਥਾਣਾ ਸਿਟੀ 2 ਖੰਨਾ ਵਿਖੇ ਕਥਿਤ ਦੋਸ਼ੀ ਦੇ ਖ਼ਿਲਾਫ਼ ਅਸਲਾ ਐਕਟ (25/54/59) ਅਧੀਨ ਮਾਮਲਾ ਦਰਜ ਕਰ ਲਿਆ ਹੈ | ਪੁਲਿਸ ਅਨੁਸਾਰ ਹਰਪਾਲ ਸਿੰਘ ਦਾ ਮਾਣਯੋਗ ਅਦਾਲਤ ਕੋਲੋਂ 3 ਦਿਨਾਂ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਪਾਸੋਂ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ | ਇਸ ਮੌਕੇ ਸਬ ਇੰਸਪੈਕਟਰ ਸੁਖਦੀਪ ਸਿੰਘ ਸਮੇਤ ਹੋਰ ਪੁਲਿਸ ਅਧਿਕਾਰੀ ਆਦਿ ਹਾਜ਼ਰ ਸਨ |