ਪਾਇਲ, 1 ਸਤੰਬਰ (ਨਿਜ਼ਾਮਪੁਰ, ਰਜਿੰਦਰ ਸਿੰਘ)-ਸਬ ਡਵੀਜ਼ਨਲ ਪਾਇਲ ਵਿਚ ਤੜਕਸਾਰ ਤੋਂ ਸ਼ੁਰੂ ਹੋਇਆ ਮੀਂਹ 2 ਵਜੇ ਤੱਕ ਜ਼ੋਰ ਨਾਲ ਪੈਂਦਾ ਰਿਹਾ | ਜਿਸ ਨਾਲ ਪਿੰਡਾਂ ਦੇ ਟੋਭੇ ਨੱਕੋਂ ਨੱਕ ਭਰ ਗਏ | ਪ੍ਰੰਤੂ ਦੁਪਹਿਰ ਬਾਦ ਵਰਖਾ ਬੰਦ ਹੋਣ 'ਤੇ ਲੋਕਾਂ ਸੁੱਖ ਦਾ ਸਾਹ ਲਿਆ | ਅੱਜ ਦੀ ਇਸ ਮੋਹਲ਼ੇਧਾਰ ਵਰਖਾ ਨਾਲ ਗੰਨੇ ਦੀ ਫ਼ਸਲ ਲਗਾਤਾਰ ਪਾਣੀ ਭਰੇ ਰਹਿਣ ਅਤੇ ਹਵਾ ਚੱਲਣ ਨਾਲ ਡਿਗ ਪਈ ਨਜ਼ਰ ਆਈ | ਪਰਮਿੰਦਰ ਸਿੰਘ ਜੱਲ੍ਹਾ ਤੋਂ ਮਿਲੀ ਜਾਣਕਾਰੀ ਅਨੁਸਾਰ ਨਜ਼ਦੀਕੀ ਪਿੰਡ ਜੱਲ੍ਹਾ ਵਿਖੇ ਦਰਸਨ ਸਿੰਘ ਡਿੱਪੂ ਵਾਲੇ ਦੇ ਘਰ 'ਤੇ ਅਸਮਾਨੀ ਬਿਜਲੀ ਡਿੱਗੀ, ਜਿਸ ਨਾਲ ਜਾਨੀ ਨੁਕਸਾਨ ਹੋਣ ਤੋਂ ਤਾਂ ਬਚਾਅ ਹੋ ਗਿਆ ਪ੍ਰੰਤੂ ਘਰ ਦੀ ਛੱਤ ਅਤੇ ਕੰਧਾਂ ਨੂੰ ਤਰੇੜਾਂ ਆ ਗਈਆਂ | ਉਨ੍ਹਾਂ ਦੱਸਿਆ ਕਿ ਅਸਮਾਨੀ ਬਿਜਲੀ ਡਿੱਗਣ ਨਾਲ ਆਲੇ ਦੁਆਲੇ ਦੇ ਘਰਾਂ ਦੇ ਇਨਵਰਟਰ ਅਤੇ ਬਿਜਲੀ ਮੀਟਰ ਨੁਕਸਾਨੇ ਗਏ |